ਨਵੀਂ ਦਿੱਲੀ: ਮੋਦੀ ਸਰਕਾਰ ਦੇਸ਼ ਵਿੱਚ ਕਿਸੇ ਵੀ ਆਰਥਿਕ ਮੰਦੀ ਨੂੰ ਮੰਨਣ ਲਈ ਤਿਆਰ ਨਹੀਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ ਬੀਜੇਪੀ ਲੀਡਰ ਸਾਰੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਦਾਅਵੇ ਕਰ ਰਹੇ ਹਨ ਕਿ ਹਲਾਤ ਬਹੁਤ ਵਧੀਆ ਹਨ। ਬੀਜੇਪੀ ਵਿਰੋਧੀ ਪਾਰਟੀਆਂ ਸਣੇ ਕੌਮਾਂਤਰੀ ਰਿਪੋਰਟਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ।
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਤਾਂ ਸ਼ਨੀਵਾਰ ਨੂੰ ਹੱਦ ਹੀ ਕਰਦਿਆਂ ਅਜੀਬ ਤਰਕ ਦੇ ਦਿੱਤਾ। ਉਨ੍ਹਾਂ ਕਿਹਾ ਕਿ ਦੋ ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵੱਲੋਂ 120 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਇਸ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐਨਐਸਐਸਓ ਦੀ ਰਿਪੋਰਟ ਨੂੰ ਵੀ ਗਲਤ ਕਰਾਰ ਦਿੱਤਾ, ਜਿਸ ਵਿੱਚ 2017 ਦੀ ਬੇਰੁਜ਼ਗਾਰੀ ਦਰ ਨੂੰ 45 ਸਾਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਰਾਰ ਦਿੱਤਾ ਗਿਆ ਹੈ।
ਉਧਰ ਸੋਸ਼ਲ ਮੀਡੀਆ ‘ਤੇ ਪ੍ਰਸ਼ਾਦ ਦਾ ਖੂਬ ਮਖੌਲ ਉੱਡਿਆ। ਇਸ ਮਗਰੋਂ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਹ ਇਸ ਬਿਆਨ ਨੂੰ ਵਾਪਸ ਲੈਂਦੇ ਹਨ। ਦੂਜੇ ਪਾਸੇ ਕਾਂਗਰਸ ਤੱਥਾਂ ਨੂੰ ਲੁਕਾਉਣ ਦੇ ਇਲਜ਼ਾਮ ਲਾ ਰਹੀ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦਾ ਵਿੱਤੀ ਘਾਟਾ 3.3 ਫੀਸਦ ਨਹੀਂ ਬਲਕਿ ਅਸਲ ਵਿੱਚ ਅੱਠ ਫੀਸਦ ਤੋਂ ਵੀ ਵੱਧ ਹੈ ਪਰ ਸਰਕਾਰ ਝੂਠ ਬੋਲੀ ਜਾ ਰਹੀ ਹੈ।