ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਸਾਲ 2030 ਤੋਂ ਪਹਿਲਾਂ ਕੱਪੜਾ ਸੈਕਟਰ ’ਚ ਸਾਲਾਨਾ ਬਰਾਮਦ 9 ਲੱਖ ਕਰੋੜ ਰੁਪਏ ਦਾ ਟੀਚਾ ਹਾਸਲ ਕਰਨ ਪ੍ਰਤੀ ਆਸਵੰਦ ਹਨ। ਭਾਰਤ ਟੈਕਸਟਾਈਲ 2025 ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਮੌਜੂਦਾ ਸਮੇਂ ’ਚ ਅਸੀਂ ਟੈਕਸਟਾਈਲਜ਼ ਅਤੇ ਐਪਰਲ ਦੇ ਮਾਮਲੇ ’ਚ ਦੁਨੀਆ ’ਚ 6ਵੇਂ ਸਭ ਤੋਂ ਵੱਡੇ ਬਰਾਮਦਕਾਰ ਹਾਂ। ਮੁਲਕ ਕਰੀਬ 3 ਲੱਖ ਕਰੋੜ ਰੁਪਏ ਦਾ ਕੱਪੜਾ ਬਰਾਮਦ ਕਰਦਾ ਹੈ। ਅਸੀਂ ਤਿੰਨ ਗੁਣਾ ਟੀਚਾ ਹਾਸਲ ਕਰਨ ਵੱਲ ਅੱਗੇ ਵਧ ਰਹੇ ਹਾਂ। ਜਿਸ ਢੰਗ ਨਾਲ ਕੰਮ ਚੱਲ ਰਿਹਾ ਹੈ, ਅਸੀਂ ਇਹ ਟੀਚਾ 2030 ਤੋਂ ਪਹਿਲਾਂ ਹੀ ਹਾਸਲ ਕਰ ਲਵਾਂਗੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਟੈਕਸਟਾਈਲ ਵੱਡਾ ਆਲਮੀ ਸਮਾਗਮ ਬਣਦਾ ਜਾ ਰਿਹਾ ਹੈ ਜਿਸ ’ਚ 120 ਤੋਂ ਵੱਧ ਮੁਲਕ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਕ ਉੱਚ ਦਰਜੇ ਦਾ ਕਾਰਬਨ ਫਾਈਬਰ ਬਣਾਉਣ ਦੀ ਦਿਸ਼ਾ ਵੱਲ ਅਗਾਂਹ ਵਧ ਰਿਹਾ ਹੈ। ਉਨ੍ਹਾਂ ਬੈਂਕਿੰਗ ਸੈਕਟਰ ਨੂੰ ਅਪੀਲ ਕੀਤੀ ਕਿ ਉਹ ਟੈਕਸਟਾਈਲ ਸੈਕਟਰ ਨੂੰ ਸਹਾਇਤਾ ਪ੍ਰਦਾਨ ਕਰੇ ਕਿਉਂਕਿ ਇਕ ਇਕਾਈ ’ਚ 75 ਕਰੋੜ ਰੁਪਏ ਨਿਵੇਸ਼ ਦੀ ਲੋੜ ਹੁੰਦੀ ਹੈ ਅਤੇ ਉਹ 2 ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਟੈਕਸਟਾਈਲ ਸੈਕਟਰ ਲਈ ਆਪਣੀ ‘5ਐੱਫ ਪਹੁੰਚ’ ਦੀ ਰੂਪ-ਰੇਖਾ ਦਾ ਜ਼ਿਕਰ ਕੀਤਾ ਜਿਸ ਵਿੱਚ ‘ਫਾਰਮ ਤੋਂ ਫਾਈਬਰ, ਫੈਕਟਰੀ ਨੂੰ ਫਾਈਬਰ, ਫੈਕਟਰੀ ਤੋਂ ਫੈਸ਼ਨ, ਫੈਸ਼ਨ ਤੋਂ ਫੋਰੇਨ’ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਪਹੁੰਚ ਕਿਸਾਨਾਂ, ਬੁਣਕਰਾਂ, ਡਿਜ਼ਾਈਨਰਾਂ ਅਤੇ ਵਪਾਰੀਆਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ।
previous post