ਨੋਇਡਾ: ਯੋਗ ਗੁਰੂ ਬਾਬਾ ਰਾਮਦੇਵ ਨੇ ਕਾਂਗਰਸ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਰਾਮਦੇਵ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਹੀਂ ਚਾਹੁੰਦੇ ਸੀ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜ਼ਿੰਦਾ ਰਹਿਣ। ਰਾਮਦੇਵ ਨੇ ਕਿਹਾ ਕਿ ਪੀ ਚਿਦੰਬਰਮ ਨੇ ਸਾਜਿਸ਼ ਤਹਿਤ ਅਮਿਤ ਸ਼ਾਹ ਨੂੰ ਜੇਲ੍ਹ ਭੇਜਿਆ। ਚਿਦੰਬਰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਂਸੀ ਲਵਾਉਣਾ ਚਾਹੁੰਦੇ ਸੀ। ਰਾਮਦੇਵ ਨੇ ਇਹ ਬਿਆਨ ਸਿੰਬਾਓਸਿਸ ਯੂਨੀਵਰਸਿਟੀ ਕੈਂਪਸ ਦੇ ਉਦਘਾਟਨ ਦੌਰਾਨ ਦਿੱਤਾ।
ਯੂਨੀਵਰਸਿਟੀ ਕੈਂਪਸ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ, “ਸੋਨੀਆ ਤੇ ਰਾਹੁਲ ਗਾਂਧੀ ਕਦੇ ਨਹੀਂ ਚਾਹੁੰਦੇ ਸੀ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜ਼ਿੰਦਾ ਰਹਿਣ। ਜੇਲ੍ਹ ਕੱਟ ਰਹੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਸਾਜਿਸ਼ ਕਰਕੇ ਅਮਿਤ ਸ਼ਾਹ ਨੂੰ ਜੇਲ੍ਹ ਭੇਜਿਆ ਸੀ ਤੇ ਉਹ ਮੋਦੀ ਨੂੰ ਫਾਂਸੀ ਲਵਾਉਣਾ ਚਾਹੁੰਦੇ ਸੀ।” ਉਨ੍ਹਾਂ ਨੇ ਕਿਹਾ, “ਦੇਸ਼ ਦਾ ਕਾਨੂੰਨ ਤੋੜਨਾ ਤੇ ਰੱਬ ਦਾ ਕਾਨੂੰਨ ਤੋੜਨਾ ਦੋਵੇਂ ਹੀ ਗਲਤ ਹਨ। ਜੇਕਰ ਦੇਸ਼ ਦਾ ਕਾਨੂੰਨ ਤੋੜਾਂਗੇ ਤਾਂ ਚਿਦੰਬਰਮ ਜਿਹਾ ਹਾਲ ਹੋਵੇਗਾ।”
ਰਾਮਦੇਵ ਨੇ ਚਿਦੰਬਰਮ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਚਿਦੰਬਰਮ ਸਾਬਕਾ ਕਾਨੂੰਨ ਮੰਤਰੀ ਰਹਿ ਚੁੱਕੇ ਹਨ ਤੇ ਉਨ੍ਹਾਂ ਨੇ ਕਦੇ ਸੁਫਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ‘ਤੇ ਖੁਦ ‘ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ‘ਚ ਕਾਨੂੰਨ ਨਾਲ ਖੂਬ ਖੇਡਿਆ।