ਚੰਡੀਗੜ: ਬੀਜੇਪੀ ਨੇ ਅਮਰੀਕਾ ਦੇ ਮਸ਼ਹੂਰ ਰਸਾਲੇ ‘ਟਾਈਮ’ ਦੇ ਕਵਰ ਪੇਜ ‘ਤੇ ਪੀਐਮ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਹੇ ਜਾਣ ਸਬੰਧੀ ਇਸ ਦੇ ਲੇਖਕ ਨੂੰ ‘ਪਾਕਿਸਤਾਨੀ’ ਕਰਾਰ ਦਿੱਤਾ ਹੈ। ਟਾਈਮ ਦੇ ਕੌਮਾਂਤਰੀ ਸੰਸਕਰਣ ਵਿੱਚ ਮੋਦੀ ਨੂੰ ਜਿਸ ਲੇਖ ਵਿੱਚ ‘ਫੁੱਟ ਪਾਊ ਲੀਡਰ’ ਕਿਹਾ ਗਿਆ ਹੈ, ਉਸ ਨੂੰ ਆਤਿਸ਼ ਤਾਸੀਰ ਨੇ ਲਿਖਿਆ ਹੈ।
ਆਤਿਸ਼ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਲੀਡਰ ਸਨ। ਸਾਲਮਾਨ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਨੇ ਹੀ ਪਾਕਿਸਤਾਨ ਵਿੱਚ ਈਸ਼ਨਿੰਦਾ ਕਾਨੂੰਨ ਖਿਲਾਫ ਗੋਲ਼ੀ ਮਾਰ ਦਿੱਤੀ ਸੀ। ਤਾਸੀਰ ਦੀ ਮਾਂ ਤਵਲੀਨ ਸਿੰਘ ਮੰਨੀ-ਪ੍ਰਮੰਨੀ ਪੱਤਰਕਾਰ ਹੈ ਜੋ ਅਕਸਰ ਮੋਦੀ ਦਾ ਸਮਰਥਨ ਕਰਦੀ ਦਿੱਸਦੀ ਹੈ।
ਸ਼ਨੀਵਾਰ ਨੂੰ ਬੀਜੇਪੀ ਦੇ ਬੁਲਾਰਾ ਸੰਬਿਤ ਪਾਤਰਾ ਨੇ ਕਿਹਾ ਕਿ ਟਾਈਮ ਮੈਗਜ਼ੀਨ ਵਿੱਚ ਤਾਸੀਰ ਦਾ ਲੇਖ ਮੋਦੀ ਨੂੰ ਬਦਨਾਮ ਕਰਨ ਲਈ ਪਾਕਿਸਤਾਨ ਦੀ ਕੋਸ਼ਿਸ਼ ਹੈ। ਪਾਤਰਾ ਨੇ ਪੁੱਛਿਆ ਕਿ ਇਸ ਲੇਖ ਦਾ ਲੇਖਕ ਕੌਣ ਹੈ? ਇਸ ਦਾ ਲੇਖਕ ਇੱਕ ਪਾਕਿਸਤਾਨੀ ਹੈ। ਇੱਕ ਪਾਕਿਸਤਾਨੀ ਤੋਂ ਅਸੀਂ ਉਮੀਦ ਹੀ ਕੀ ਕਰਕ ਸਕਦੇ ਹਾਂ?
ਦੱਸ ਦੇਈਏ ਲੇਖ ਵਿੱਚ ਪੱਤਰਕਾਰ ਆਤਿਸ਼ ਤਾਸੀਰ ਨੇ ਤੁਰਕੀ, ਬ੍ਰਾਜ਼ੀਲ, ਬ੍ਰਿਟੇਨ ਤੇ ਅਮਰੀਕਾ ਨਾਲ ਭਾਰਤੀ ਲੋਕਤੰਤਰ ਦੀ ਤੁਲਨਾ ਕੀਤੀ ਹੈ। ਉਨ੍ਹਾਂ ਪੁੱਛਿਆ “ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ?” ਉਨ੍ਹਾਂ ਆਪਣੇ ਲੇਖ ਦੀ ਸ਼ੁਰੂਆਤ ਹੀ ਲੋਕ ਲੁਭਾਊ ਵਾਅਦਿਆਂ ਦੀ ਸਿਆਸਤ ਵਿੱਚ ਫਸਣ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰ ਹੈ, ਤੋਂ ਹੀ ਕੀਤੀ ਹੈ।
ਰਸਾਲੇ ਦੇ ਲੇਖ ਵਿੱਚ ਜ਼ਿਕਰ ਕੀਤਾ ਹੈ ਕਿ ਮੋਦੀ ਦੀ ਸਰਕਾਰ ਵਿੱਚ ਹਰ ਤਬਕਾ, ਘੱਟ ਗਿਣਤੀਆਂ, ਉਦਾਰਵਾਦੀ ਤੇ ਹੇਠਲੀਆਂ ਜਾਤਾਂ ਤੋਂ ਲੈ ਕੇ ਮੁਸਲਮਾਨ ਤੇ ਇਸਾਈਆਂ ‘ਤੇ ਹਮਲੇ ਹੋਏ ਹਨ। ਮੈਗਜ਼ੀਨ ਮੁਤਾਬਕ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਆਰਥਕ ਨੀਤੀ ਨੂੰ ਸਫਲ ਨਹੀਂ ਕਰ ਸਕੀ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿਰਫ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦਾ ਮਾਹੌਲ ਸਿਰਜੇ ਜਾਣ ਦਾ ਜ਼ਿਕਰ ਵੀ ਲੇਖ ਵਿੱਚ ਕੀਤਾ ਗਿਆ ਹੈ।
ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਐਮ ਮੋਦੀ ਕਿਸਮਤ ਵਾਲੇ ਹਨ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਉਨ੍ਹਾਂ ਨੂੰ ਹਰਾਉਣ ਵਿੱਚ ਸਫਲ ਨਹੀਂ ਹੋ ਪਾ ਰਹੀਆਂ, ਕਿਉਂਕਿ ਉਨ੍ਹਾਂ ਦਾ ਗਠਜੋੜ ਹੀ ਮਜ਼ਬੂਤ ਨਹੀਂ ਹੈ ਤੇ ਨਾ ਹੀ ਕੋਈ ਏਜੰਡਾ ਹੈ। ਮੈਗ਼ਜ਼ੀਨ ਨੇ ਲਿਖਿਆ ਹੈ ਕਿ ਪੀਐਮ ਮੋਦੀ ਸਾਲ 2014 ਵਿੱਚ ਜਿਸ ਤਰ੍ਹਾਂ ਅਣਗਿਣਤ ਵੋਟਰਾਂ ਦੇ ਸਹਾਰੇ ਸੱਤਾ ਤਕ ਪਹੁੰਚੇ ਸਨ, ਹੁਣ ਇਸ ਵਾਰ ਅਜਿਹਾ ਨਹੀਂ ਹੋ ਸਕਦਾ।