ਪੈਰਿਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਫਰਾਂਸ ਦੇ ਮਾਰਸੇਲੀ ਪਹੁੰਚੇ ਅਤੇ ਸੁਤੰਤਰਤਾ ਸੈਨਾਨੀ ਵੀਡੀ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਮੰਗਲਵਾਰ ਰਾਤ (ਸਥਾਨਕ ਸਮਾਂ) ਉੱਥੇ ਪਹੁੰਚਣ ਤੋਂ ਬਾਅਦ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, “ਮੈਂ ਮਾਰਸੇਲ ਦੇ ਲੋਕਾਂ ਅਤੇ ਉਸ ਸਮੇਂ ਦੇ ਫਰਾਂਸੀਸੀ ਕਾਰਕੁਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਵਰਕਰ ਨੂੰ ਬ੍ਰਿਟਿਸ਼ਾਂ ਦੇ ਹਵਾਲੇ ਨਾ ਕਰਨ ਦੀ ਮੰਗ ਕੀਤੀ ਸੀ। ਵੀਰ ਸਾਵਰਕਰ ਦੀ ਬਹਾਦਰੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ।’’
ਪ੍ਰਧਾਨ ਮੰਤਰੀ ਦਾ ਮਾਰਸੇਲ ਪਹੁੰਚਣ ’ਤੇ ਭਾਰਤੀ ਪ੍ਰਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਕ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ, “ਰਾਸ਼ਟਰਪਤੀ ਮੈਕਰੌਂ ਅਤੇ ਮੈਂ ਥੋੜੀ ਦੇਰ ਪਹਿਲਾਂ ਮਾਰਸੇਲ ਪਹੁੰਚੇ। ਇਸ ਦੌਰੇ ਵਿੱਚ ਭਾਰਤ ਅਤੇ ਫਰਾਂਸ ਨੂੰ ਹੋਰ ਜੋੜਨ ਦੇ ਉਦੇਸ਼ ਨਾਲ ਮਹੱਤਵਪੂਰਨ ਪ੍ਰੋਗਰਾਮ ਹੋਣਗੇ ਅਤੇ ਉਦਘਾਟਨ ਕੀਤੇ ਜਾ ਰਹੇ ਭਾਰਤੀ ਵਣਜ ਦੂਤਘਰ ਦਾ ਲੋਕਾਂ ਨਾਲ ਸਬੰਧ ਹੋਰ ਡੂੰਘਾ ਹੋਵੇਗਾ। ਮੈਂ ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਅਤੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਾਂਗਾ।”ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕਰਨ ਲਈ ਮਾਰਸੇਲ ਵਿੱਚ ਹਨ।