ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਐਸਪੀਜੀ (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਪਾਉਣ ਵਾਲੇ ਦਿੱਗਜ ਹਸਤੀਆਂ ਲਈ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮ ‘ਚ ਕਿਹਾ ਗਿਆ ਹੈ ਕਿ ਹੁਣ ਵਿਦੇਸ਼ ਯਾਤਰਾ ਦੌਰਾਨ ਵੀ ਵੀਵੀਆਈਪੀ ਲੋਕਾਂ ਨਾਲ ਐਸਪੀਜੀ ਸੁਰੱਖਿਆ ਕਰਮੀ ਮੌਜੂਦ ਰਹਿਣਗੇ। ਸੂਤਰਾਂ ਮੁਤਾਬਕ ਨਵੇਂ ਹੁਕਮ ਅਨੁਸਾਰ ਐਸਪੀਜੀ ਸੁਰੱਖਿਆ ਵਿਦੇਸ਼ ਦੌਰੇ ਦੌਰਾਨ ਵੀ ਹਸਤੀਆਂ ਨਾਲ ਰਹਿਣਗੇ।
ਇਸ ਦੇ ਨਾਲ ਹੀ ਐਸਪੀਜੀ ਸੁਰੱਖਿਆ ਪਾਉਣ ਵਾਲੇ ਵਿਅਕਤੀ ਵਿਦੇਸ਼ ਯਾਤਰਾ ਦੌਰਾਨ ਐਸਪੀਜੀ ਜਵਾਨਾਂ ਨੂੰ ਨਾਲ ਲੈ ਕੇ ਜਾਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਦੀ ਯਾਤਰਾ ਰੱਦ ਵੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਹਾਲ ਹੀ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਕੋਲੰਬੀਆ ਯਾਤਰਾ ਦੀ ਖ਼ਬਰ ਆਈ ਹੈ।
ਪੀਐਮ ਨਰਿੰਦਰ ਮੋਦੀ ਤੋਂ ਇਲਾਵਾ ਇਹ ਸੁਰੱਖਿਆ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਮਿਲੀ ਹੋਈ ਹੈ। ਹੁਣ ਤਿੰਨੇ ਨੇਤਾ ਜਦੋਂ ਵੀ ਵਿਦੇਸ਼ ਯਾਤਰਾ ‘ਤੇ ਜਾਣਗੇ ਤਾਂ ਉਨ੍ਹਾਂ ਨਾਲ ਐਸਪੀਜੀ ਜਵਾਨ ਵੀ ਜਾਣਗੇ। ਜੇਕਰ ਇਨ੍ਹਾਂ ਤੋਂ ਇਲਾਵਾ ਕਿਸੇ ਨੂੰ ਐਸਪੀਜੀ ਸੁਰੱਖਿਆ ਮਿਲੀ ਤਾਂ ਨਿਯਮਾਂ ਮੁਤਾਬਕ ਉਨ੍ਹਾਂ ਨਾਲ ਵੀ ਜਵਾਨ ਨਾਲ ਜਾਣਗੇ। ਉਧਰ ਕਾਂਗਰਸ ਵੱਲੋਂ ਇਸ ਪ੍ਰਕ੍ਰਿਆ ਵਿਰੋਧ ਕੀਤਾ ਜਾ ਰਿਹਾ ਹੈ।