Domestic Industry Noc: ਨਵੀਂ ਦਿੱਲੀ: ਘਰੇਲੂ ਉਦਯੋਗਾਂ ਨੂੰ ਵਧਾਉਣ ਲਈ ਮੋਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਜਿਸਦੇ ਤਹਿਤ ਹੁਣ ਦਿੱਲੀ ਵਿੱਚ ਘਰੇਲੂ ਉਦਯੋਗਾਂ ਨੂੰ ਪ੍ਰਦੂਸ਼ਣ ਲੇਬਰ ਅਤੇ ਉਦਯੋਗ ਵਿਭਾਗ ਤੋਂ NOC ਦੀ ਲੋੜ ਨਹੀਂ ਹੋਵੇਗੀ । ਇਸ ਸਬੰਧੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ । ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲਗਭਗ 3 ਲੱਖ ਘਰੇਲੂ ਉਦਯੋਗਾਂ ਨੂੰ ਫਾਇਦਾ ਪਹੁੰਚੇਗਾ ।
ਪ੍ਰਕਾਸ਼ ਜਾਵਡੇਕਰ ਨੇ ਆਪਣੇ ਇਸ ਟਵੀਟ ਵਿੱਚ ਦੱਸਿਆ ਕਿ ਹੁਣ ਘਰੇਲੂ ਉਦਯੋਗਾਂ ਦਾ ਕੰਮ ਕਰਨਾ ਆਸਾਨ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਪ੍ਰਦੂਸ਼ਣ, ਲੇਬਰ ਅਤੇ ਉਦਯੋਗ ਵਿਭਾਗ ਦੇ NOC ਦੀ ਕੋਈ ਲੋੜ ਨਹੀਂ ਹੈ । ਸਰਕਾਰ ਦੇ ਇਸ ਫੈਸਲੇ ਨਾਲ ਤਕਰੀਬਨ ਤਿੰਨ ਲੱਖ ਘਰੇਲੂ ਉਦਯੋਗਾਂ ਨੂੰ ਇਸਦਾ ਫਾਇਦਾ ਮਿਲੇਗਾ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਦਿੱਲੀ ਵਿੱਚ ਚੱਲ ਰਹੇ ਘਰੇਲੂ ਉਦਯੋਗਾਂ ਨੂੰ ਸੀਲਿੰਗ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਗਿਆ ਸੀ । ਸਰਕਾਰ ਦਾ ਕਹਿਣਾ ਸੀ ਕਿ ਜਿਨ੍ਹਾਂ ਛੋਟੀਆਂ ਇਕਾਈਆਂ ਨਾਲ ਪ੍ਰਦੂਸ਼ਣ ਨਹੀਂ ਹੁੰਦਾ, ਉਨ੍ਹਾਂ ਨੂੰ ਰਿਹਾਇਸ਼ੀ ਇਕਾਲਿਆਂ ਵਿੱਚ ਵੀ ਚਲਾਇਆ ਜਾ ਸਕਦਾ ਹੈ । ਜਿਸਦੇ ਲਈ ਲਾਈਸੈਂਸ ਲੈਣਾ ਬਹੁਤ ਜ਼ਰੂਰੀ ਹੋਵੇਗਾ ।
ਦੱਸ ਦੇਈਏ ਕਿ ਹੁਣ ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਫਾਇਦਾ ਛੋਟੇ ਅਤੇ ਮੱਧ ਕਾਰੋਬਾਰੀਆਂ ਨੂੰ ਹੋਵੇਗਾ । ਇਸ ਮਾਮਲੇ ਵਿੱਚ ਸਰਕਾਰ ਵੱਲੋਂ ਪੇਟੈਂਟ ਕਰਵਾਉਣ ਲਈ ਦਿੱਤੀ ਜਾਣ ਵਾਲੀ ਫੀਸ ਵਿੱਚ ਵੀ 60 ਫੀਸਦੀ ਤੱਕ ਦੀ ਕਮੀ ਕਰ ਦਿੱਤੀ ਗਈ ਹੈ ।