ਨਵੀਂ ਦਿੱਲੀ: ਪਿਛਲੇ ਪੰਜ ਸਾਲਾਂ ਵਿੱਚ ਰੁੱਖ ਕੱਟਣ ਦੇ ਸਵਾਲ ‘ਤੇ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਓ ਵੱਲੋਂ ਲੋਕ ਸਭਾ ਵਿੱਚ ਦਿੱਤੇ ਇੱਕ ਲਿਖਤੀ ਜਵਾਬ ਦਾ ਹਵਾਲਾ ਦਿੰਦਿਆਂ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਨੇ ਇੱਕ ਕਰੋੜ ਤੋਂ ਵੱਧ ਰੁੱਖ ਕਟਵਾ ਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕੀਤੀ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, “ਰੁੱਖ ਜ਼ਿੰਦਗੀ ਹੈ। ਰੁੱਖ ਆਕਸੀਜਨ ਦਿੰਦੇ ਹਨ। ਰੁੱਖ ਕਾਰਬਨ ਡਾਈਆਕਸਾਈਡ ਸੋਖਦੇ ਹਨ। ਰੁੱਖ ਵਾਤਾਵਰਣ ਦੇ ਰਾਖੇ ਹਨ। ਪਰ ਮੋਦੀ ਸਰਕਾਰ ਨੇ 5 ਸਾਲਾਂ ਵਿੱਚ 1,09,75,844 ਰੁੱਖ ਕਟਵਾ ਦਿੱਤੇ।” ਉਨ੍ਹਾਂ ਪੁੱਛਿਆ, “ਕੀ ਮੋਦੀ ਸਰਕਾਰ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ?”ਦੱਸ ਦੇਈਏ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਕੁਝ ਪ੍ਰਸ਼ਨਾਂ ਦੇ ਉੱਤਰ ਵਿੱਚ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਓ ਨੇ ਕਿਹਾ ਸੀ ਕਿ ਵਿਕਾਸ ਕਾਰਜਾਂ ਲਈ ਇੱਕ ਰੁੱਖ ਨੂੰ ਕੱਟਣ ਦੀ ਸਥਿਤੀ ਵਿੱਚ ਉਸ ਦੇ ਬਦਲੇ ਕਈ ਬੂਟੇ ਲਾਏ ਜਾਂਦੇ ਹਨ।