ਨਵੀਂ ਦਿੱਲੀ: ਕਿਸਾਨ ਅੰਦੋਲਨ ਨਾਲ ਵਿਗੜੇ ਅਕਸ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਕੈਬਨਿਟ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਸੌਗਾਤ ਦਿੱਤੀ ਹੈ। ਮੰਤਰੀ ਮੰਡਲ ਨੇ ਫੈਸਲਾ ਲਿਆ ਹੈ ਕਿ ਕਿਸਾਨਾਂ ਨੂੰ 3500 ਕਰੋੜ ਰੁਪਏ ਦੀ ਨਿਰਯਾਤ ਸਬਸਿਡੀ, 18 ਹਜ਼ਾਰ ਕਰੋੜ ਰੁਪਏ ਦਾ ਨਿਰਯਾਤ ਲਾਭ ਤੇ ਹੋਰ ਸਬਸਿਡੀ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਸਾਲ 60 ਲੱਖ ਟਨ ਚੀਨੀ ਬਰਾਮਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਜਾਵੇਗੀ। ਇਹ ਸਬਸਿਡੀ 3500 ਕਰੋੜ ਦੀ ਹੋਏਗੀ। ਇਸ ਨਾਲ ਪੰਜ ਕਰੋੜ ਕਿਸਾਨਾਂ ਤੇ ਪੰਜ ਮਜ਼ਦੂਰਾਂ ਨੂੰ ਲਾਭ ਹੋਵੇਗਾ। ਜਾਵਡੇਕਰ ਨੇ ਦੱਸਿਆ ਕਿ ਸਬਸਿਡੀ ਅਗਲੇ ਹਫ਼ਤੇ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਏਗੀ।
ਇਸ ਦੇ ਨਾਲ ਹੀ ਜਾਵਡੇਕਰ ਨੇ ਕਿਹਾ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਛੇ ਸੂਬਿਆਂ ਲਈ ਅੰਤਰ-ਰਾਜ ਪ੍ਰਸਾਰਣ ਤੇ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉੱਤਰ-ਪੂਰਬੀ ਖੇਤਰ ਬਿਜਲੀ ਪ੍ਰਬੰਧ ਸੁਧਾਰ ਪ੍ਰੋਜੈਕਟ ਦੇ ਸੋਧੇ ਹੋਏ ਖ਼ਰਚੇ ਦੇ ਅਨੁਮਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ 700 ਮੈਗਾਹਰਟਜ਼, 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼ ਤੇ 2500 ਮੈਗਾਹਰਟਜ਼ ਦੀ ਯੋਗਤਾ ਦੀ ਮਿਆਦ ਲਈ 20 ਸਾਲਾਂ ਲਈ ਪ੍ਰਵਾਨਗੀ ਦਿੱਤੀ ਹੈ। 2251.25 ਮੈਗਾਹਰਟਜ਼ ਦੀ ਕੁੱਲ ਕੀਮਤ 3,92,332.70 ਕਰੋੜ ਰੁਪਏ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ।