ਅਮਰੀਕਾ ਦੇ ਮੈਸਾਚੁਸੈਟਸ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਡੀਪ-ਸੀ ਡਾਈਵਰ ਨੂੰ ਭੁੱਖੀ ਵ੍ਹੇਲ ਨੇ ਅਚਾਨਕ ਹੀ ਮੂੰਹ ਦੇ ਅੰਦਰ ਦਬਾਅ ਲਿਆ। ਏਨਾ ਹੀ ਨਹੀਂ ਡਾਈਵਰ ਨੂੰ ਖਾਣ ਲਈ ਵ੍ਹੇਲ ਨੇ ਉਸ ਨੂੰ ਆਪਣੇ ਮੂੰਹ ‘ਚ ਵੀ 30-40 ਸੈਕੰਡ ਤਕ ਦਬਾਈ ਰੱਖਿਆ। ਪਰ ਡਾਈਵਰ ਦੀ ਕਿਸਮਤ ਚੰਗੀ ਸੀ ਕਿ ਵ੍ਹੇਲ ਨੇ ਉਸ ਨੂੰ ਉਗਲ ਦਿੱਤਾ।
ਦੱਸਿਆ ਗਿਆ ਹੈ ਕਿ ਇਹ ਘਟਨਾ ਮੈਸਾਚੁਸੈਟਸ ਸੂਬੇ ਦੇ ਪ੍ਰੋਵਿੰਸਟਾਊਨ ਦੀ ਹੈ। ਇੱਥੇ 56 ਸਾਲ ਦੇ ਮਾਈਕਲ ਪੈਕਰਡ ਨਾਂ ਦਾ ਸ਼ਖ਼ਸ ਪਿਛਲੇ ਕਰੀਬ 40 ਸਾਲ ਤੋਂ ਲੌਬਸਟਰ ਡਾਈਵਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਉਸ ਨੇ ਖ਼ੁਦ ਹਸਪਤਾਲ ਤੋਂ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਉਹ ਕੇਪ ਕਾਡ ਤੋਂ ਆਪਣੀ ਨਿਯਮਤ ਡਾਈਵਿੰਗ ਲਈ ਸਮੁੰਦਰ ‘ਚ ਉਤਰਿਆ ਸੀ। ਸਮੁੰਦਰ ‘ਚ ਉਤਰਦੇ ਸਾਰ ਹੀ ਉਸ ਨੂੰ ਅਚਾਨਕ ਉਸ ਨੂੰ ਝਟਕਾ ਲੱਗਾ ਤੇ ਫਿਰ ਪੂਰੀ ਤਰ੍ਹਾਂ ਹਨੇਰਾ ਛਾ ਗਿਆ।
ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਸ ‘ਤੇ ਕਿਸੇ ਸ਼ਾਰਕ ਨੇ ਹਮਲਾ ਕਰ ਦਿੱਤਾ ਹੈ। ਪਰ ਬਾਅਦ ਵਿਚ ਜਦੋਂ ਉਸ ਨੂੰ ਕਿਤੇ ਵੀ ਨੁਕੀਲੇ ਦੰਦ ਤੇ ਦਰਦ ਮਹਿਸੂਸ ਨਾ ਹੋਇਆ ਤਾਂ ਉਸ ਨੇ ਹੋਸ਼ ਸੰਭਾਲਿਆ ਤੇ ਖ਼ੁਦ ਸਥਿਤੀ ਦਾ ਪਤਾ ਲਗਾਉਣ ‘ਚ ਜੁਟ ਗਿਆ। ਪੈਕਰਡ ਨੇ ਇਕ ਸਥਾਨਕ ਮੀਡੀਆ ਗਰੁੱਪ ਨੂੰ ਕਿਹਾ- ‘ਮੈਨੂੰ ਕੁਝ ਪਲ਼ਾਂ ਅੰਦਰ ਹੀ ਪਤਾ ਚੱਲ ਗਿਆ ਕਿ ਮੈਂ ਵ੍ਹੇਲ ਦੇ ਮੂੰਹ ‘ਚ ਫਸ ਗਿਆ ਹਾਂ ਤੇ ਉਸ ਵੇਲੇ ਹੀ ਲੱਗਣ ਲੱਗਾ ਸੀ ਕਿ ਆਖ਼ਰਕਾਰ ਹੁਣ ਮੈਂ ਮਰਨ ਵਾਲਾ ਹਾਂ।’
ਪੈਕਰਡ ਨੇ ਕਿਹਾ ਕਿ ਵ੍ਹੇਲ ਦੇ ਮੂੰਹ ‘ਚ ਫਸਣ ਦੌਰਾਨ ਉਸ ਨੂੰ ਸਿਰਫ਼ ਆਪਣੀ ਪਤਨੀ ਤੇ ਆਪਣੇ 12 ਤੇ 15 ਸਾਲ ਦੇ ਪੁੱਤਰਾਂ ਦਾ ਹੀ ਖ਼ਿਆਲ ਆ ਰਿਹਾ ਸੀ। ਹਾਲਾਂਕਿ ਇਸ ਦੌਰਾਨ ਹੀ ਵ੍ਹੇਲ ਦਾ ਮੂੰਹ ਅਚਾਨਕ ਹਿੱਲਣ ਲੱਗਾ ਤੇ ਜਦੋਂ ਤਕ ਉਸ ਦੀ ਹਿੰਮਤ ਟੁੱਟੀ, ਉਦੋਂ ਤਕ ਵ੍ਹੇਲ ਦੇ ਮੂੰਹ ਦਾ ਇਕ ਹਿੱਸਾ ਖੁੱਲ੍ਹ ਗਿਆ। ਪੈਕਾਰਡ ਨੇ ਦੱਸਿਆ ਕਿ ਕੁਝ ਦੇਰ ਅੰਦਰ ਹੀ ਮੈਂ ਹਵਾ ‘ਚ ਉੱਡਦਾ ਹੋਇਆ ਪਾਣੀ ‘ਚ ਜਾ ਡਿੱਗਾ। ਯਾਨੀ ਵ੍ਹੇਲ ਨੇ ਮੈਨੂੰ ਉਗਲ ਦਿੱਤਾ ਸੀ।
ਤਜਰਬੇਕਾਰ ਡੀਪ-ਸੀ ਡਾਈਵਰ ਹੋਣ ਕਾਰਨ ਪੈਕਾਰਡ ਇਸ ਘਟਨਾ ਤੋਂ ਬਾਅਦ ਵੀ ਸੰਭਲਿਆ ਰਿਹਾ ਤੇ ਕਿਸੇ ਤਰ੍ਹਾਂ ਤੈਰ ਕੇ ਕਿਨਾਰੇ ‘ਤੇ ਆ ਗਿਆ। ਉਸ ਨੇ ਦੱਸਿਆ ਕਿ ਉਹ ਕਰੀਬ 30-40 ਸੈਕੰਡ ਵ੍ਹੇਲ ਦੇ ਮੂੰਹ ‘ਚ ਸੀ, ਪਰ ਉਸ ਦਾ ਸਾਹ ਨਹੀਂ ਟੁੱਟਿਆ ਕਿਉਂਕਿ ਉਨ੍ਹਾਂ ਕੋਲ ਆਕਸੀਜਨ ਸਿਲੰਡਰ ਸਮੇਤ ਸਾਹ ਲੈਣ ਦੇ ਉਪਕਰਨ ਮੌਜੂਦ ਸਨ। ਪੈਕਾਰਡ ਦਾ ਕਹਿਣਾ ਹੈ ਕਿ ਉਨਸ ਨੂੰ ਇਸ ਗੱਲ ‘ਤੇ ਯਕੀਨ ਹੀ ਨਹੀਂ ਹੁੰਦਾ ਕਿ ਉਹ ਇਹ ਕਹਾਣੀ ਸੁਣਾਉਣ ਲਈ ਜ਼ਿੰਦਾ ਬਚ ਗਿਆ।
