Delhi AIIMS Director: ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਲੈ ਕੇ ਕਈ ਅਫਵਾਹਾਂ ਨੂੰ ਖਾਰਿਜ ਕੀਤਾ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮ੍ਰਿਤਕ ਦੇਹ ਰਾਹੀਂ ਨਹੀਂ ਫੈਲਦਾ । ਇਸ ਲਈ ਜੇਕਰ ਕਿਸੇ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਦਾ ਕੋਈ ਖ਼ਤਰਾ ਨਹੀਂ ਹੁੰਦਾ ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੀ ਔਰਤ ਦੇ ਅੰਤਿਮ ਸੰਸਕਾਰ ਦੌਰਾਨ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋਈ ਸੀ । ਸ਼ਨੀਵਾਰ ਨੂੰ ਜਦੋਂ ਔਰਤ ਦੇ ਪਰਿਵਾਰ ਵਾਲੇ ਮ੍ਰਿਤਕ ਦੇਹ ਨੂੰ ਸਸਕਾਰ ਲਈ ਯਮਨਾ ਬਾਜ਼ਾਰ ਸਥਿਤ ਨਿਗਮ ਬੋਧ ਘਾਟ ਲੈ ਗਏ ਤਾਂ ਇਥੇ ਇੱਕ ਅਜੀਬ ਸਥਿਤੀ ਪੈਦਾ ਹੋ ਗਈ ਸੀ ।
ਜਿੱਥੇ ਨਿਗਮ ਬੋਧ ਘਾਟ ਦੇ ਕਰਮਚਾਰੀਆਂ ਨੇ ਸਸਕਾਰ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਨਿਊਜ਼ ਏਜੰਸੀ ਅਨੁਸਾਰ ਕਾਰਪੋਰੇਟਰਾਂ ਨੇ ਕੋਰੋਨਾ ਵਾਇਰਸ ਫੈਲਣ ਦੇ ਡਰੋਂ ਮਹਿਲਾ ਦਾ ਅੰਤਿਮ ਸੰਸਕਾਰ ਰੋਕ ਦਿੱਤਾ । ਕਰਮਚਾਰੀਆਂ ਦੇ ਇਸ ਵਤੀਰੇ ਕਾਰਨ ਪਰਿਵਾਰ ਨੂੰ ਸਸਕਾਰ ਦਾ ਇੰਤਜ਼ਾਰ ਕਰਨਾ ਪਿਆ । ਉੱਤਰੀ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦਿੱਲੀ ਸਰਕਾਰ ਅਤੇ ਪੁਲਿਸ ਦੇ ਦਖਲ ਤੋਂ ਬਾਅਦ ਔਰਤ ਦਾ ਅੰਤਿਮ ਸੰਸਕਾਰ ਸੰਭਵ ਹੋ ਸਕਿਆ
ਇਸ ਸਥਿਤੀ ਤੋਂ ਬਾਅਦ ਦਿੱਲੀ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਲੋਕਾਂ ਨੂੰ ਜਾਗਰੂਕ ਕੀਤਾ । ਉਨ੍ਹਾਂ ਕਿਹਾ ਕਿ ਕੋਰੋਨਾ ਵਿਸ਼ਾਣੂ ਕਿਸੇ ਮ੍ਰਿਤਕ ਸਰੀਰ ਤੋਂ ਨਹੀਂ ਫੈਲ ਸਕਦਾ । ਇਹ ਖੰਘ ਅਤੇ ਛਿੱਕ ਰਾਹੀਂ ਫੈਲਦਾ ਹੈ. ਇਹ ਵਾਇਰਸ ਛਿੱਕ ਅਤੇ ਖੰਘ ਕਾਰਨ ਫੈਲਦਾ ਹੈ । ਦੱਸ ਦਈਏ ਕਿ ਦਿੱਲੀ ਦੀ ਇੱਕ ਬਜ਼ੁਰਗ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਆਪਣੇ ਪੁੱਤਰ ਦੇ ਸੰਪਰਕ ਵਿੱਚ ਆਈ ਸੀ । ਜਿਸ ਕਾਰਨ ਉਸਨੂੰ ਆਪਣੀ ਜਾਨ ਗੁਆਣੀ ਪਈ ।
ਕੋਰੋਨਾ ਵਾਇਰਸ ਤੇਜ਼ੀ ਨਾਲ ਸਾਰੇ ਪਾਸੇ ਆਪਣੇ ਪੈਰ ਪਸਾਰ ਰਿਹਾ ਹੈ । ਜਿਸਦੇ ਚੱਲਦਿਆਂ ਇਟਲੀ ਵਿੱਚ ਫਸੇ 211 ਵਿਦਿਆਰਥੀਆਂ ਸਮੇਤ ਕੁੱਲ 218 ਭਾਰਤੀ ਭਾਰਤ ਪਹੁੰਚ ਗਏ ਹਨ । ਇਸ ਸਬੰਧੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਈਰਾਨ ਤੋਂ 238 ਲੋਕ ਭਾਰਤ ਪਹੁੰਚੇ ਹਨ, ਜਿਨ੍ਹਾਂ ਨੂੰ ਜੈਸਲਮੇਰ ਵਿੱਚ ਰੱਖਿਆ ਜਾਵੇਗਾ ।