ਨਵੀਂ ਦਿੱਲੀ- ਇਥੋਂ ਦੀ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਹੱਤਿਆ ਦੇ ਕੇਸ ’ਚ ਅੱਜ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2.4 ਲੱਖ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਉਸ (ਸੱਜਣ ਕੁਮਾਰ) ਦੀ ਵਡੇਰੀ ਉਮਰ ਤੇ ਬਿਮਾਰੀ ਕਾਰਨ ਮੌਤ ਦੀ ਸਜ਼ਾ ਦੀ ਥਾਂ ਘੱਟ ਸਜ਼ਾ ਦਿੱਤੀ ਗਈ ਹੈ।
ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਇੱਕ ਨਵੰਬਰ 1984 ਨੂੰ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਇਹ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ’ਚ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹੱਤਿਆ ਦੇ ਮਾਮਲੇ ’ਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਤੇ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਜੱਜ ਨੇ ਕਿਹਾ ਕਿ ਸੱਜਣ ਕੁਮਾਰ ਵੱਲੋਂ ਕੀਤੇ ਅਪਰਾਧ ਬਿਨਾਂ ਸ਼ੱਕ ਜ਼ਾਲਮਾਨਾ ਤੇ ਨਿੰਦਣਯੋਗ ਹਨ ਪਰ ਉਸ ਦੀ 80 ਸਾਲ ਦੀ ਉਮਰ ਤੇ ਬਿਮਾਰੀਆਂ ਸਮੇਤ ਕੁਝ ਹੋਰ ਗੱਲਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ, ਜੋ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਥਾਂ ਘੱਟ ਸਜ਼ਾ ਦੇਣ ਦੇ ਪੱਖ ਵਿੱਚ ਹਨ। ਜੱਜ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੀ ਉਸ ਦੇ ‘ਤਸੱਲੀਬਖਸ਼ ਵਤੀਰੇ’ ਬਾਰੇ ਰਿਪੋਰਟ, ਉਹ ਬਿਮਾਰੀਆਂ ਜਿਸ ਤੋਂ ਉਹ ਪੀੜਤ ਹੈ, ਅਜਿਹੇ ਤੱਥ ਹਨ ਕਿ ਜਿਨ੍ਹਾਂ ਦੇ ਆਧਾਰ ’ਤੇ ਅਦਾਲਤ ਦੀ ਰਾਏ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਦੀ ਥਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਵਿਹਾਰ ਬਾਰੇ ਕੋਈ ਵੀ ਗਲਤ ਰਿਪੋਰਟ ਨਹੀਂ ਦਿੱਤੀ ਗਈ ਅਤੇ ਜੇਲ੍ਹ ਰਿਪੋਰਟ ਅਨੁਸਾਰ ਉਸ ਦਾ ਵਤੀਰਾ ਤਸੱਲੀਬਖ਼ਸ਼ ਹੈ। ਜੱਜ ਨੇ ਕਿਹਾ ਕਿ ਮੌਜੂਦਾ ਮਾਮਲਾ ਉਸੇ ਘਟਨਾ ਦਾ ਹਿੱਸਾ ਹੈ, ਜਿਸ ਲਈ ਸੱਜਣ ਕੁਮਾਰ ਨੂੰ 17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਫਿਰ ਉਸ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦੰਗਿਆਂ ਦੀ ਅਜਿਹੀ ਦੀ ਘਟਨਾ ਦੌਰਾਨ ਪੰਜ ਜਣਿਆਂ ਦੀ ਮੌਤ ਲਈ ਦੋਸ਼ੀ ਪਾਇਆ ਗਿਆ ਸੀ। ਜੱਜ ਨੇ ਕਿਹਾ, ‘ਬੇਸ਼ੱਕ ਮੌਜੂਦਾ ਕੇਸ ’ਚ ਦੋ ਬੇਕਸੂਰ ਵਿਅਕਤੀਆਂ ਦੀ ਹੱਤਿਆ ਕੋਈ ਘੱਟ ਅਪਰਾਧ ਨਹੀਂ ਹੈ ਫਿਰ ਵੀ ਮੇਰੀ ਰਾਏ ’ਚ ਉਪਰੋਕਤ ਸਥਿਤੀਆਂ ਇਸ ਨੂੰ ‘ਦੁਰਲੱਭ ਤੋਂ ਅਤਿ-ਦੁਰਲੱਭ’ ਕੇਸ ਨਹੀਂ ਬਣਾਉਂਦੀਆਂ, ਜਿਸ ਵਿੱਚ ਮੌਤ ਦੀ ਸਜ਼ਾ ਦੇਣ ਦੀ ਲੋੜ ਹੋਵੇ। ਅਦਾਲਤ ਵੱਲੋਂ ਸੱਜਣ ਕੁਮਾਰ ਨੂੰ 2.4 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਅਦਾਲਤ ਨੇ ਸਾਰੀਆਂ ਸਜ਼ਾਵਾਂ ਇਕੱਠੀਆਂ ਚਲਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਜਸਵੰਤ ਸਿੰਘ ਦੀ ਪਤਨੀ ਤੇ ਇਸਤਗਾਸਾ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਸੱਜਣ ਕੁਮਾਰ ਫਿਲਹਾਲ ਤਿਹਾੜ ਜੇਲ੍ਹ ’ਚ ਹੈ। ਪੰਜਾਬੀ ਬਾਗ ਥਾਣੇ ’ਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ’ਚ ਲੈ ਲਈ ਸੀ।