ਮੰਗਲ ਗ੍ਰਹਿ ’ਤੇ ਕਦੇ ਪਾਣੀ ਨਾਲ ਭਰੀ ਝੀਲ ਹੋਇਆ ਕਰਦੀ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮਾਰਸ ਰੋਵਰ ਪਰਸੀਵਰੈਂਸ ਦੇ ਜੁਟਾਏ ਡਾਟਾ ਦੇ ਆਧਾਰ ’ਤੇ ਵਿਗਿਆਨੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਅਧਿਐਨ ਅਨੁਸਾਰ ਨਾਸਾ ਦੇ ਰੋਵਰ ਪਰਸੀਵੀਅਰੈਂਸ ਨੂੰ ਮੰਗਲ ’ਤੇ ਪ੍ਰਾਚੀਨ ਝੀਲ ਦੀ ਗਾਰ ਮਿਲੀ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਮੰਗਲ ’ਤੇ ਕਦੇ ਪਾਣੀ ਤੇ ਜੀਵਨ ਮੌਜੂਦ ਸੀ।
ਰੋਬੋਟਿਕ ਰੋਵਰ ਵੱਲੋਂ ਕੀਤੇ ਗਏ ਗਰਾਊਂਡ-ਪੇਨੇਟ੍ਰੇਟਿੰਗ ਰਡਾਰ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਮੰਗਲ ਦੇ ਇਹ ਹਿੱਸੇ ਕਦੇ ਪਾਣੀ ਵਿਚ ਡੁੱਬੇ ਹੋਏ ਸਨ। ਖੋਜ ਸਾਇੰਸ ਐਡਵਾਂਸਡ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜ ਦੀ ਅਗਵਾਈ ਕੈਲੀਫੋਰਨੀਆ ਯੂਨੀਵਰਸਿਟੀ ਲਾਸ ਏਂਜਲਸ (ਯੂਸੀਐੱਲਏ) ਅਤੇ ਓਸਲੋ ਯੂਨੀਵਰਸਿਟੀ ਦੀ ਟੀਮ ਨੇ ਕੀਤੀ।
ਕਾਰ ਦੇ ਆਕਾਰ ਦੇ ਛੇ-ਪਹੀਆਂ ਵਾਲੇ ਪਰਸੀਵਰੈਂਸ ਰੋਵਰ ਨੇ ਸਾਲ 2022 ਵਿਚ ਕਈ ਵਾਰ ਮੰਗਲ ਗ੍ਰਹਿ ਦੀ ਸਤ੍ਹਾ ਨੂੰ ਸਕੈਨ ਕਰ ਕੇ ਡਾਟਾ ਜੁਟਾਇਆ। ਯੂਸੀਐੱਲਏ ਦੇ ਵਿਗਿਆਨੀ ਡੇਵਿਡ ਪੇਗੇ ਨੇ ਕਿਹਾ, ਰੋਵਰ ਦੇ ਰਿਮਫੈਕਸ ਰਾਡਾਰ ਉਪਕਰਣ ਨਾਲ 65 ਫੁੱਟ ਤੱਕ ਚੱਟਾਨਾਂ ਦੀਆਂ ਪਰਤਾਂ ਦੀ ਜਾਂਚ ਪੜਤਾਲ ਕੀਤੀ ਗਈ। ਇਸ ਦੌਰਾਨ ਉਸ ਨੂੰ ਉਸੇ ਤਰ੍ਹਾਂ ਦੀ ਗਾਰ ਮਿਲੀ ਜਿਵੇਂ ਧਰਤੀ ’ਤੇ ਨਦੀਆਂ ਅਤੇ ਝੀਲਾਂ ਵਿਚ ਪਾਈ ਜਾਂਦੀ ਹੈ। ਚੱਟਾਨਾਂ ਦੇ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਜੇਰੇਜੋ ਕ੍ਰੇਟਰ ਅਤੇ ਡੈਲਟਾ ਦਾ ਨਿਰਮਾਣ ਝੀਲਾਂ ਵਿਚ ਮੌਜੂਦ ਗਾਰ ਤੋਂ ਹੋਇਆ। ਵਿਗਿਆਨੀ ਹੁਣ ਜੇਰੋਜੋ ਦੀ ਗਾਰ ਦੇ ਸੈਂਪਲ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਉਤਸੁਕ ਹਨ। ਇਹ ਗਾਰ ਲਗਪਗ ਤਿੰਨ ਅਰਬ ਸਾਲ ਪੁਰਾਣੀ ਹੋ ਸਕਦੀ ਹੈ।