ਅਕਸਰ ਅਸੀਂ ਕਾਰ ਨੂੰ ਧੱਕਾ ਮਾਰਦੇ ਹਾਂ ਜਦੋਂ ਇਹ ਸਟਾਰਟ ਨਹੀਂ ਹੁੰਦੀ ਤਾਂ ਜੋ ਜਲਦੀ ਸਟਾਰਟ ਹੋ ਜਾਵੇ ਅਤੇ ਸੜਕ ‘ਤੇ ਟ੍ਰੈਫਿਕ ਜਾਮ ਨਾ ਹੋਵੇ। ਹੁਣ ਨੇਪਾਲ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕੁਝ ਲੋਕ ਏਅਰਪੋਰਟ ‘ਤੇ ਜਹਾਜ਼ ਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਹਾਜ਼ ਤਾਰਾ ਏਅਰਲਾਈਨਜ਼ ਦਾ ਹੈ। ਇਹ ਘਟਨਾ ਬਜੂਰਾ ਦੇ ਕੋਲਟੀ ਏਅਰਪੋਰਟ ‘ਤੇ ਵਾਪਰੀ।
ਫਟ ਗਿਆ ਸੀ ਜਹਾਜ਼ ਦਾ ਟਾਇਰ
ਇਸ ਵੀਡੀਓ ‘ਚ ਯਾਤਰੀ ਅਤੇ ਸੁਰੱਖਿਆ ਕਰਮਚਾਰੀ ਰਨਵੇ ‘ਤੇ ਖੜ੍ਹੇ ਜਹਾਜ਼ ਨੂੰ ਧੱਕਾ ਦੇ ਰਹੇ ਹਨ। ਨੇਪਾਲੀ ਪੱਤਰਕਾਰ ਸੁਸ਼ੀਲ ਭੱਟਾਰਾਈ ਮੁਤਾਬਕ ਤਾਰਾ ਏਅਰ ਦੇ ਜਹਾਜ਼ ਦਾ ਟਾਇਰ ਫਟ ਗਿਆ ਸੀ। ਜਿਸ ਤੋਂ ਬਾਅਦ ਉਹ ਰਨਵੇ ‘ਤੇ ਖੜ੍ਹਾ ਹੋ ਗਿਆ। ਇਸ ਜਹਾਜ਼ ਦੇ ਖੜ੍ਹੇ ਹੋਣ ਕਾਰਨ ਦੂਜੇ ਜਹਾਜ਼ਾਂ ਦੀ ਉਡਾਣ ‘ਚ ਦਿੱਕਤ ਆਈ। ਇਸ ਦੇ ਲਈ ਉੱਥੇ ਮੌਜੂਦ ਯਾਤਰੀਆਂ ਅਤੇ ਸੁਰੱਖਿਆ ਗਾਰਡਾਂ ਨੂੰ ਧੱਕਾ ਮਾਰਨਾ ਪਿਆ।
ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਉਨ੍ਹਾਂ ਦਾ ਜਹਾਜ਼ ਨੂੰ ਧੱਕਾ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਕ ਯੂਜ਼ਰ ਨੇ ਕਿਹਾ ਕਿ ਨੇਪਾਲੀ ਅਥਾਰਟੀ ਏਅਰਲਾਈਨ ਕੰਪਨੀਆਂ ਤੋਂ ਪੈਸੇ ਲੈਂਦੀ ਹੈ, ਪਰ ਬਦਲੇ ‘ਚ ਸਹੂਲਤਾਂ ਨਹੀਂ ਦਿੰਦੀ। ਵਿਅਕਤੀ ਨੇ ਦੱਸਿਆ ਕਿ ਤਾਰਾ ਏਅਰ ਹਿਮਾਚਲ ਦੇ ਚੁਣੌਤੀਪੂਰਨ ਹਵਾਈ ਅੱਡੇ ‘ਤੇ ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ।