ਇੱਥੋਂ ਦੇ ਦੱਖਣ ਪੂਰਬ ‘ਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕਲਾਇਡ ਵਿੱਖੇ ਬੀਤੇ ਦਿਨੀਂ ਹਿੱਪ-ਹਾਪ ਪ੍ਰੋਡਕਸ਼ਨ ਤੇ ਸੀਜ਼ਨਲ ਈਵੈਂਟਸ ਗਰੁੱਪ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਤੀਆਂ ਕਲਾਈਡ ਦੀਆਂ’ ਨਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬਣਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਹਿੱਸਾ ਲਿਆ।
ਇਸ ਮੌਕੇ ਪੰਜਾਬੀ ਲੋਕ ਨਾਚ ਗਿੱਧੇ-ਭੰਗੜੇ ਤੋਂ ਇਲਾਵਾ ਸੁਹਾਗ ਦੇ ਗੀਤ, ਸਿੱਠਣੀਆਂ, ਕਿੱਕਲੀ, ਬੋਲੀਆਂ ਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਪੇਂਡੂ ਪੰਜਾਬ ਦਾ ਚੇਤਾ ਕਰਵਾ ਦਿੱਤਾ। ਇਸ ਮੇਲੇ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੂਰ ਜ਼ੋਰਾ ਗਿੱਧਾ ਗਰੁੱਪ ਆਕਰਸ਼ਣ ਦਾ ਕੇਂਦਰ ਰਿਹਾ ਜਿੰਨਾਂ ਦੀ ਬਾਕਮਾਲ ਗਿੱਧੇ ਦੀ ਪੇਸ਼ਕਾਰੀ ਨੇ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਪੰਜਾਬੀ ਲੋਕ ਗੀਤਾਂ ਦੀ ਗਾਇਕਾ ਬੀਬਾ ਐੱਸ ਕੌਰ ਵੀ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ ਜਿਨ੍ਹਾਂ ਆਪਣੀ ਦਮਦਾਰ ਅਵਾਜ਼ ਤੇ ਲੋਕ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ।
ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ, ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ, ਬੱਚੀਆ ਤੇ ਬੀਬੀਆਂ ਦਾ ਲਾ -ਮਿਸਾਲ ਇਕੱਠ ਆਪਣੇ ਆਪ ਵਿੱਚ ਇਤਿਹਾਸਕ ਹੋ ਨਿਬੜਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਪ੍ਰਬਧੰਕਾਂ ਮਨਜੀਤ ਕੌਰ ਬਰਾੜ, ਮਨਪ੍ਰੀਤ ਸ਼ੈਲੀ,ਗਗਨਦੀਪ ਕੌਰ ਵਲੋਂ ਸਮੂਹ ਸਹਿਯੋਗੀਆਂ ਅਤੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਮੇਲਿਆਂ ਦਾ ਆਯੋਜਨ ਕਰਦੇ ਰਹਿਣਗੇ।