ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਕਈ ਲੋਕਾਂ ਦੀ ਸਿਹਤ ’ਤੇ ਇਸ ਖ਼ਤਰਨਾਕ ਵਾਇਰਸ ਦਾ ਗਹਿਰਾ ਅਸਰ ਪੈ ਰਿਹਾ ਹੈ। ਸਿਹਤ ਸਬੰਧੀ ਦੂਸਰੀਆਂ ਕਈ ਗੰਭੀਰ ਸਮੱਸਿਆਵਾਂ ਦਾ ਖ਼ਤਰਾ ਵੀ ਪੈਦਾ ਹੋ ਰਿਹਾ ਹੈ। ਹੁਣ ਇਕ ਨਵੀਂ ਸਟੱਡੀ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਸੰਕ੍ਰਮਣ ਦਾ ਯਾਦਸ਼ਕਤੀ ’ਤੇ ਵੀ ਅਸਰ ਪੈ ਸਕਦਾ ਹੈ। ਇਸ ਖ਼ਤਰਨਾਕ ਵਾਇਰਸ ਦਾ ਸਬੰਧ ਭੁੱਲਣ ਦੀ ਬਿਮਾਰੀ ਅਲਜ਼ਾਈਮਰ ਸਮੇਤ ਸੋਚਣ ਅਤੇ ਸਮਝਣ ਦੀ ਸਮਰੱਥਾ ’ਚ ਕਮੀ ਨਾਲ ਪਾਇਆ ਗਿਆ ਹੈ।
ਅਮਰੀਕੀ ਅਲਜ਼ਾਈਮਰ ਐਸੋਸੀਏਸ਼ਨ ਦੀ ਅਗਵਾਈ ਵਾਲੇ ਇਕ ਵਿਸ਼ਵੀ ਸਮੂਹ ਦੇ ਮਾਹਿਰਾਂ ਨੇ ਇਹ ਪਾਇਆ ਕਿ ਕੋਰੋਨਾ ਤੋਂ ਉਭਰਨ ਦੇ ਬਾਵਜੂਦ ਕਈ ਬਜ਼ੁਰਗ ਸੁੰਘਣ ਦੀ ਸਮਰੱਥਾ ’ਚ ਕਮੀ ਸਮੇਤ ਯਾਦਸ਼ਕਤੀ ’ਚ ਗਿਰਾਵਟ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਨ੍ਹਾਂ ਪੀੜਤਾਂ ’ਚ ਬ੍ਰੇਨ ਇੰਜਰੀ, ਨਿਊਰੋ ਇੰਫਲੇਮੇਸ਼ਨ ਅਤੇ ਅਲਜ਼ਾਈਮਰ ਨਾਲ ਡੂੰਘਾ ਤਾਲੁਕ ਰੱਖਣ ਵਾਲੀ ਦਿਮਾਗੀ ਪ੍ਰਣਾਲੀ ਸਬੰਧੀ ਲੱਛਣਾਂ ਦੀ ਮੌਜੂਦਗੀ ਪਾਈ ਗਈ। ਅਧਿਆਇ ਦੇ ਨਤੀਜਿਆਂ ਅਨੁਸਾਰ, ਕੋਰੋਨਾ ਸੰਕ੍ਰਮਣ ਤੋਂ ਬਾਅਦ ਯਾਦਸ਼ਕਤੀ ’ਚ ਗਿਰਾਵਟ ਦਾ ਸਾਹਮਣਾ ਕਰਨ ਵਾਲੇ ਲੋਕਾਂ ’ਚ ਘੱਟ ਬਲੱਡ ਆਕਸੀਜਨ ਦਾ ਖ਼ਤਰਾ ਵੀ ਜ਼ਿਆਦਾ ਪਾਇਆ ਗਿਆ।
ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਦੁਨੀਆ ਭਰ ’ਚ ਸਿਹਤ ਦੇ ਮੋਰਚੇ ’ਤੇ ਗੰਭੀਰ ਅਸਰ ਪਿਆ ਹੈ। ਅਸੀਂ ਇਸ ਗੱਲ ਦਾ ਪਤਾ ਲਗਾਉਣ ਲਈ ਲਗਾਤਾਰ ਸਟੱਡੀ ਕਰ ਰਹੇ ਹਾਂ ਕਿ ਇਸਦਾ ਸਾਡੇ ਸਰੀਰ ਅਤੇ ਦਿਮਾਗ ’ਤੇ ਕਿਹੋ-ਜਿਹਾ ਅਸਰ ਪੈ ਰਿਹਾ ਹੈ। ਅਧਿਐਨ ਨਾਲ ਜੁੜੇ ਅਮਰੀਕਾ ਦੇ ਟੈਕਸਾਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਰਜਨਟੀਨਾ ’ਚ ਕੋਰੋਨਾ ਪੀੜਤ ਕਰੀਬ 300 ਬਜ਼ੁਰਗਾਂ ’ਤੇ ਖੋਜ ਕੀਤੀ। ਕੋਰੋਨਾ ਨੂੰ ਮਾਤ ਦੇਣ ਵਾਲੇ ਇਨ੍ਹਾਂ ਬਜ਼ੁਰਗਾਂ ’ਚੋਂ ਅੱਧੇ ਤੋਂ ਜ਼ਿਆਦਾ ’ਚ ਭੁੱਲਣ ਦੀ ਸਮੱਸਿਆ ਪਾਈ ਗਈ।