ਚੱਕਰਵਾਤ ਯਾਸ ਨਾਲ ਭਾਰਤ ਦੇ ਪੱਛਮੀ ਬੰਗਾਲ, ਓਡੀਸ਼ਾ ਤੇ ਝਾਰਖੰਡ ਦੇ ਕੁਝ ਇਲਾਕਿਆਂ ’ਚ ਤਬਾਹੀ ਮਚਣ ਤੋਂ ਬਾਅਦ ਸੰਯੁਕਤ ਰਾਸ਼ਟਰ ਮਦਦ ਲਈ ਅੱਗੇ ਆਇਆ ਹੈ। ਸੰਯੁਕਤ ਰਾਸ਼ਟਰ (ਯੂਐੱਨ) ਨੇ ਕਿਹਾ ਹੈ ਕਿ ਚੱਕਰਵਾਤ ਦੇ ਆਉਣ ਨਾਲ ਹਿਜਰਤ ਕਰ ਕੇ ਗਏ ਲੋਕਾਂ ਦੀ ਸਹਾਰੇ ਵਾਲੀਆਂ ਥਾਵਾਂ ’ਤੇ ਕੋਰੋਨਾ ਮਹਾਮਾਰੀ ਕਾਰਨ ਸਿਹਤ ਦੀ ਦੇਖਭਾਲ ਕਰਨਾ ਵੱਡੀ ਚੁਣੌਤੀ ਹੈ। ਕੁਦਰਤੀ ਆਫ਼ਤ ’ਚ ਟੀਕਾਕਰਨ ਦੇ ਸੁਸਤ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰਸ ਨੇ ਯਾਸ ਨਾਲ ਪ੍ਰਭਾਵਿਤ ਇਲਾਕਿਆਂ ਦੇ ਬਾਰੇ ਜਾਣਕਾਰੀ ਲਈ ਹੈ। ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਇਨ੍ਹਾਂ ਪ੍ਰਭਾਵਿਤ ਇਲਾਕਿਆਂ ’ਚ ਮਦਦ ਲਈ ਆਪਣੀ ਏਜੰਸੀਆਂ ਨੂੰ ਸਰਗਰਮ ਕਰ ਦਿੱਤਾ ਹੈ। ਨੇਪਾਲ ਤੇ ਬੰਗਲਾਦੇਸ਼ ਦੀ ਸਥਿਤੀ ’ਤੇ ਵੀ ਅਸੀਂ ਨਜ਼ਰ ਰੱਖ ਰਹੇ ਹਾਂ। ਬੰਗਲਾਦੇਸ਼ ’ਚ ਰੋਹਿੰਗਿਆਵਾਂ ਦੇ ਵੱਡੇ ਸ਼ਰਨਾਰਥੀ ਕੈਂਪ ਕਾਕਸ ਬਾਜ਼ਾਰ ਨੂੰ ਚੱਕਰਵਾਤ ਨੇ ਪ੍ਰਭਾਵਿਤ ਨਹੀਂ ਕੀਤਾ। ਇੱਥੋਂ ਦਾ ਵੀ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ।
ਯਾਦ ਰਹੇ ਕਿ ਯਾਸ ਚੱਕਰਵਾਤ ਨੂੰ ਦੇਖਦੇ ਹੋਏ ਭਾਰਤ ਨੇ ਪਹਿਲਾਂ ਤੋਂ ਹੀ ਸੁਰੱਖਿਆ ਦੇ ਉਪਾਅ ਕੀਤੇ ਹੋਏ ਹਨ। ਚੱਕਰਵਾਤ ਤੋਂ ਪਹਿਲਾਂ ਓਡੀਸ਼ਾ ’ਚ ਸਾਢੇ ਛੇ ਲੱਖ ਤੇ ਪੱਛਮੀ ਬੰਗਾਲ ’ਚ 15 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।