36.52 F
New York, US
February 23, 2025
PreetNama
ਖਬਰਾਂ/News

ਯੁਗਾਂਡਾ ਜੇਲ੍ਹ ’ਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਝੱਲਿਆ: ਵਸੁੰਧਰਾ ਓਸਵਾਲ

ਮੁੰਬਈ-ਆਪਣੇ ਪਿਤਾ ਦੇ ਇੱਕ ਸਾਬਕਾ ਕਰਮਚਾਰੀ ਨੂੰ ਅਗ਼ਵਾ ਕਰਨ ਅਤੇ ਉਸ ਦੀ ਹੱਤਿਆ ਦੇ ਝੂਠੇ ਦੋਸ਼ ਵਿੱਚ ਯੁਗਾਂਡਾ ਦੀ ਜੇਲ੍ਹ ਵਿੱਚ ਬੰਦ ਕੀਤੀ ਗਈ ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦਿਆਂ ਉਸ ਨਾਲ ਕਰੀਬ ਤਿੰਨ ਹਫ਼ਤਿਆਂ ਤੱਕ ਤਸ਼ੱਦਦ ਕੀਤਾ ਗਿਆ।

ਵਸੁੰਧਰਾ (26) ’ਤੇ ਪਿਛਲੇ ਸਾਲ ਆਪਣੇ ਪਿਤਾ ਪੰਕਜ ਓਸਵਾਲ ਦੇ ਸਾਬਕਾ ਕਰਮਚਾਰੀ ਮੁਕੇਸ਼ ਮੇਨਾਰੀਆ ਨੂੰ ਅਗ਼ਵਾ ਕਰਨ ਅਤੇ ਹੱਤਿਆ ਦਾ ਝੂਠਾ ਦੋਸ਼ ਲਾਇਆ ਗਿਆ ਸੀ। ਮੁਕੇਸ਼ ਮੇਨਾਰੀਆ ਬਾਅਦ ਵਿੱਚ ਤਨਜ਼ਾਨੀਆ ਵਿੱਚ ਜਿਊਂਦਾ ਮਿਲਿਆ।

ਵਸੁੰਧਰਾ ਨੇ ਕਿਹਾ, ‘‘ਮੈਨੂੰ ਪੰਜ ਦਿਨ ਲਈ ਹਿਰਾਸਤ ਵਿੱਚ ਲਿਆ ਗਿਆ ਅਤੇ ਦੋ ਹੋਰ ਹਫ਼ਤੇ ਲਈ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕੀਤਾ ਗਿਆ। ਉਨ੍ਹਾਂ ਮੈਨੂੰ ਨਹਾਉਣ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਮੈਨੂੰ ਬਿਨਾਂ ਭੋਜਨ ਅਤੇ ਪਾਣੀ ਤੋਂ ਰੱਖਿਆ। ਮੇਰੇ ਮਾਤਾ-ਪਿਤਾ ਨੂੰ ਮੈਨੂੰ ਭੋਜਨ, ਪਾਣੀ ਅਤੇ ਬੁਨਿਆਦੀ ਵਸਤੂਆਂ ਮੁਹੱਈਆ ਕਰਵਾਉਣ ਲਈ ਵਕੀਲਾਂ ਰਾਹੀਂ ਪੁਲੀਸ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪਈ।’’

ਉਸ ਨੇ ਦਾਅਵਾ ਕੀਤਾ ਕਿ ਇੱਕ ਸਮਾਂ ਅਜਿਹਾ ਸੀ, ਜਦੋਂ ਇੱਕ ਤਰ੍ਹਾਂ ਦੀ ਸਜ਼ਾ ਵਜੋਂ ਪਖਾਨਾ ਜਾਣ ਦੀ ਆਗਿਆ ਵੀ ਨਹੀਂ ਸੀ। ਵਸੁੰਧਰਾ ਨੂੰ ਇੱਕ ਅਕਤੂਬਰ, 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ 21 ਅਕਤੂਬਰ ਨੂੰ ਜ਼ਮਾਨਤ ਦਿੱਤੀ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਬਿਨਾਂ ਕਿਸੇ ਵਾਰੰਟ ਦੇ ਉਸ ਦੀ ਰਿਹਾਇਸ਼ ਦੀ ਤਲਾਸ਼ੀ ਲਈ।

ਵਸੁੰਧਰਾ ਨੇ ਕਿਹਾ, ‘‘ਜਦੋਂ ਮੈਂ ਉਨ੍ਹਾਂ ਨੂੰ ਵਾਰੰਟ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਯੁਗਾਂਡਾ ’ਚ ਹਾਂ, ਅਸੀਂ ਕੁੱਝ ਵੀ ਕਰ ਸਕਦੇ ਹਾਂ, ਤੁਸੀਂ ਹੁਣ ਯੂਰਪ ਵਿੱਚ ਨਹੀਂ ਹੋ। ਫਿਰ ਉਨ੍ਹਾਂ ਮੈਨੂੰ ਆਪਣੇ ਡਾਇਰੈਕਟਰ ਨਾਲ ਮਿਲਾਉਣ ਬਹਾਨੇ ਉਨ੍ਹਾਂ ਨਾਲ ਇੰਟਰਪੋਲ ਜਾਣ ਲਈ ਮਜਬੂਰ ਕੀਤਾ। ਮੈਂ ਉਸ ਦਿਨ ਜਾਣਾ ਨਹੀਂ ਚਾਹੁੰਦੀ ਸੀ ਤਾਂ ਇੱਕ ਪੁਰਸ਼ ਅਧਿਕਾਰੀ ਨੇ ਮੈਨੂੰ ਚੁੱਕਿਆ ਅਤੇ ਆਪਣੀ ਵੈਨ ਦੇ ਅੰਦਰ ਸੁੱਟ ਦਿੱਤਾ।’’

ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਅਪਰਾਧਿਕ ਵਕੀਲ ਤੋਂ ਬਿਨਾਂ ਬਿਆਨ ਦੇਣ ਲਈ ਮਜਬੂਰ ਕੀਤਾ ਕਿਆ ਸੀ। ਵਸੁੰਧਰਾ ਨੇ ਕਿਹਾ ਕਿ ਬਿਆਨ ਦੇਣ ਮਗਰੋਂ ਉਸ ਨੂੰ ਇੱਕ ਬੈਰਕ ਵਿੱਚ ਹਿਰਾਸਤ ’ਚ ਰੱਖਿਆ ਗਿਆ ਅਤੇ ਉਸ ਨੂੰ 30,000 ਅਮਰੀਕੀ ਡਾਲਰ ਦੇਣ ਅਤੇ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਸ ਨੇ ਦੋਸ਼ ਲਾਇਆ ਕਿ ਅਦਾਲਤਾਂ ਤੋਂ ਬਿਨਾਂ ਸ਼ਰਤ ਰਿਹਾਈ ਦਾ ਹੁਕਮ ਮਿਲਣ ਮਗਰੋਂ ਵੀ ਉਸ ਨੂੰ 72 ਘੰਟ ਤੱਕ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ।

ਵਸੁੰਧਰਾ ਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਉਸ ’ਤੇ ਅਗ਼ਵਾ ਅਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਅਤੇ ਉਸ ਨੂੰ ਹਾਈ ਕੋਰਟ ਦੀ ਥਾਂ ਹੇਠਲੇ ਪੱਧਰ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਲਿਜਾਇਆ ਗਿਆ।

ਵਸੁੰਧਰਾ ਨੇ ਕਿਹਾ ਕਿ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ‘ਜਦੋਂ ਉਸ ਨੂੰ ਪਤਾ ਲੱਗਿਆ ਕਿ ਆਦਮੀ (ਮੇਨਾਰੀਆ) ਜਿਊਂਦਾ ਹੈ, ਇਸ ਮਗਰੋਂ ਵੀ ਉਨ੍ਹਾਂ ਮੈਨੂੰ ਇਨ੍ਹਾਂ ਦੋਸ਼ਾਂ ਤਹਿਤ ਜੇਲ੍ਹ ਵਿੱਚ ਰੱਖਿਆ। ਮੇਨਾਰੀਆ 10 ਅਕਤੂਬਰ ਨੂੰ ਮਿਲਿਆ ਸੀ। ਮੈਨੂੰ ਉਸ ਤੋਂ ਇੱਕ ਜਾਂ ਦੋ ਹਫ਼ਤੇ ਬਾਅਦ ਜ਼ਮਾਨਤ ਮਿਲੀ।’’

ਵਸੁੰਧਰਾ ਨੂੰ 21 ਅਕਤੂਬਰ ਨੂੰ ਜ਼ਮਾਨਤ ਮਿਲੀ ਪਰ ਉਸ ਦਾ ਪਾਸਪੋਰਟ 10 ਦਸੰਬਰ ਨੂੰ ਵਾਪਸ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਯੁਗਾਂਡਾ ਸਰਕਾਰ ਆਪਣੀਆਂ ਗਲਤੀਆਂ ਸੁਧਾਰੇ। ਵਸੁੰਧਰਾ ਖ਼ਿਲਾਫ਼ ਮਾਮਲਾ 19 ਦਸੰਬਰ, 2024 ਨੂੰ ਖਾਰਜ ਕਰ ਦਿੱਤਾ ਗਿਆ ਸੀ।

Related posts

ਏਅਰਬੈਗ ਦੇ ਝਟਕੇ ਕਾਰਨ ਬੱਚੇ ਦੀ ਮੌਤ

On Punjab

PSL 2023 Final: ਲਾਹੌਰ ਕਲੰਦਰਸ ਤੇ ਮੁਲਤਾਨ ਸੁਲਤਾਨ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ, ਜਾਣੋ ਕੀ ਹੋ ਸਕਦੀ ਹੈ ਪਲੇਇੰਗ 11

On Punjab

‘ਪੁਸ਼ਪਾ 2’ ਦੇ ਨਿਸ਼ਾਨੇ ‘ਤੇ ਹਨ ਪੈਨ-ਇੰਡੀਆ ਫਿਲਮਾਂ ਦੇ ਰਿਕਾਰਡ, ਓਪਨਿੰਗ ਤੇ ਕਰੇਗੀ ਸਭ ਦੀ ਛੁੱਟੀ!

On Punjab