PreetNama
ਖੇਡ-ਜਗਤ/Sports News

ਯੂਐੱਸ ਓਪਨ ਟੈਨਿਸ ਟੂਰਨਾਮੈਂਟ : ਸਾਬਕਾ ਚੈਂਪੀਅਨ ਐਂਡੀ ਮਰੇ ਪਹਿਲੇ ਗੇੜ ‘ਚੋਂ ਬਾਹਰ

ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਤੇ ਇੱਥੇ 2012 ਦੇ ਚੈਂਪੀਅਨ ਐਂਡੀ ਮਰੇ ਦੋ ਵਾਰ ਬੜ੍ਹਤ ਹਾਸਲ ਕਰਨ ਦੇ ਬਾਵਜੂਦ ਤੀਜਾ ਦਰਜਾ ਹਾਸਲ ਸਟੇਫਨੋਸ ਸਿਤਸਿਪਾਸ ਹੱਥੋਂ ਹਾਰ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ‘ਚੋਂ ਬਾਹਰ ਹੋ ਗਏ। ਮਰੇ ਹਿੱਪ ਦੇ ਭਾਰ ਹੇਠਾਂ ਵੀ ਡਿੱਗੇ ਤੇ ਉਹ ਪਸੀਨੇ ਨਾਲ ਭਰੇ ਬੂਟਾਂ ਕਾਰਨ ਸੰਤੁਲਨ ਵੀ ਨਹੀਂ ਬਣਾ ਪਾ ਰਹੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਜ਼ਬਰਦਸਤ ਜਜ਼ਬਾ ਦਿਖਾਇਆ ਪਰ ਇਹ ਤੇਜ਼ ਗਰਮੀ ਤੇ ਹੁਮਸ ਵਿਚਾਲੇ ਆਰਥਰ ਏਸ ਸਟੇਡੀਅਮ ਵਿਚ ਪੰਜ ਘੰਟੇ ਤਕ ਚੱਲੇ ਮੈਚ ਨੂੰ ਜਿੱਤਣ ਲਈ ਕਾਫੀ ਨਹੀਂ ਸੀ। ਕੋਰੋਨਾ ਵਾਇਰਸ ਕਾਰਨ 2019 ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਵਿਚ ਪੁੱਜੇ ਦਰਸ਼ਕਾਂ ਨੇ ਵੀ ਮਰੇ ਦਾ ਹੌਸਲਾ ਵਧਾਇਆ ਪਰ ਯੂਨਾਨ ਦੇ ਸਿਤਸਿਪਾਸ ਨੇ ਆਖ਼ਰ ਵਿਚ ਇਹ ਮੁਕਾਬਲਾ 2-6, 7-6 (9-7), 3-6, 6-3, 6-4 ਨਾਲ ਜਿੱਤ ਕੇ ਬਰਤਾਨਵੀ ਖਿਡਾਰੀ ਦੀ ਵਾਪਸੀ ਦੀ ਮੁਹਿੰਮ ਰੋਕ ਦਿੱਤੀ। ਮਰੇ ਤੋਂ ਇਲਾਵਾ 2014 ਦੇ ਚੈਂਪੀਅਨ ਮਾਰਿਨ ਸਿਲਿਕ ਵੀ ਬਾਹਰ ਹੋ ਗਏ। ਉਹ ਫਿਲਿਪ ਕੋਲਸ਼੍ਰਾਈਬਰ ਖ਼ਿਲਾਫ਼ ਸੱਟ ਕਾਰਨ ਪੰਜਵੇਂ ਸੈੱਟ ‘ਚੋਂ ਹਟ ਗਏ ਸਨ। ਇਸ ਤਰ੍ਹਾਂ ਪਹਿਲੇ ਦਿਨ ਦੀ ਖੇਡ ਤੋਂ ਬਾਅਦ ਮਰਦ ਡਰਾਅ ਵਿਚ ਸਿਰਫ਼ ਇਕ ਖਿਡਾਰੀ ਅਜਿਹਾ ਬਚਿਆ ਹੈ ਜਿਸ ਦੇ ਨਾਂ ‘ਤੇ ਗਰੈਂਡ ਸਲੈਮ ਖ਼ਿਤਾਬ ਹੈ। ਇਹ ਖਿਡਾਰੀ ਹੋਰ ਕੋਈ ਨਹੀਂ ਬਲਕਿ ਵਿਸ਼ਵ ਵਿਚ ਨੰਬਰ ਇਕ ਨੋਵਾਕ ਜੋਕੋਵਿਕ ਹੈ ਜੋ ਇੱਥੇ ਕੈਲੰਡਰ ਗਰੈਂਡ ਸਲੈਮ ਪੂਰਾ ਕਰਨ ਦੇ ਟੀਚੇ ਨਾਲ ਆਏ ਹਨ। ਜੋਕੋਵਿਕ ਦੀ ਨਜ਼ਰ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ 20 ਗਰੈਂਡ ਸਲੈਮ ਖ਼ਿਤਾਬ ਰਿਕਾਰਡ ਨੂੰ ਤੋੜਨ ‘ਤੇ ਵੀ ਟਿਕੀ ਹੋਈ ਹੈ। ਉਹ ਖ਼ਿਤਾਬ ਜਿੱਤਦੇ ਹਨ ਤਾਂ ਰਾਡ ਲੇਵਰ ਤੋਂ ਬਾਅਦ ਇਕ ਸਾਲ ਵਿਚ ਚਾਰ ਗਰੈਂਡ ਸਲੈਮ ਜਿੱਤਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ। ਲੇਵਰ ਨੇ 1969 ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ।ਮਾਨਸਿਕ ਸਿਹਤ ਕਾਰਨ ਫਰੈਂਚ ਓਪਨ ਤੋਂ ਹਟਣ ਵਾਲੀ ਦੋ ਵਾਰ ਦੀ ਯੂਐੱਸ ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਮਹਿਲਾ ਸਿੰਗਲਜ਼ ਵਿਚ ਚੈੱਕ ਗਣਰਾਜ ਦੀ ਮੈਰੀ ਬੋਜੁਕੋਵਾ ਨੂੰ 6-4, 6-1 ਨਾਲ ਹਰਾ ਕੇ ਸਕਾਰਾਤਮਕ ਸ਼ੁਰੂਆਤ ਕੀਤੀ। ਮਹਿਲਾ ਵਰਗ ਵਿਚ ਹੀ 2017 ਦੀ ਚੈਂਪੀਅਨ ਸਲੋਨ ਸਟੀਫੰਸ ਨੇ ਮੈਡੀਸਨ ਕੀਜ ਨੂੰ ਸੰਘਰਸ਼ਪੂਰਨ ਮੈਚ ਵਿਚ 6-3, 1-6, 7-6 (9-7) ਨਾਲ ਹਰਾਇਆ। ਉਨ੍ਹਾਂ ਤੋਂ ਇਲਾਵਾ ਸਾਬਕਾ ਨੰਬਰ ਇਕ ਏਂਜੇਲਿਕ ਕਰਬਰ ਤੇ 2020 ਦੀ ਉੱਪ ਜੇਤੂ ਵਿਕਟੋਰੀਆ ਅਜਾਰੇਂਕਾ ਤੇ 17 ਸਾਲਾ ਅਮਰੀਕੀ ਖਿਡਾਰਨ ਕੋਕੋ ਗਾਫ ਵੀ ਦੂਜੇ ਗੇੜ ਵਿਚ ਪੁੱਜਣ ਵਿਚ ਕਾਮਯਾਬ ਰਹੀਆਂ।

ਪਾਰਕਸ ਦੀ ਸਭ ਤੋਂ ਤੇਜ਼ ਸਰਵਿਸ :

ਅਮਰੀਕਾ ਦੀ 20 ਸਾਲਾ ਏਲੀਸੀਆ ਪਾਰਕਸ ਚਾਹੇ ਹੀ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕੀ ਪਰ ਆਪਣੀ ਤੇਜ਼ ਸਰਵਿਸ ਕਾਰਨ ਉਹ ਯੂਐੱਸ ਓਪਨ ਦੀ ਰਿਕਾਰਡ ਬੁਕ ਵਿਚ ਆਪਣਾ ਨਾਂ ਦਰਜ ਕਰਵਾ ਗਈ। ਪਾਰਕਸ ਨੇ ਫਲਾਸ਼ਿੰਗ ਮੀਡੋਜ ਦੇ ਕੋਰਟ ਨੰਬਰ 13 ‘ਤੇ ਓਲਗਾ ਡਾਨੀਲੋਵਿਕ ਖ਼ਿਲਾਫ਼ ਪਹਿਲੇ ਗੇੜ ਦੇ ਮੈਚ ਦੌਰਾਨ 129 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਰਵਿਸ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਸਭ ਤੋਂ ਤੇਜ਼ ਸਰਵਿਸ ਕਰਨ ਦੇ ਵੀਨਸ ਵਿਲੀਅਮ ਜ਼ਦੇ 14 ਸਾਲ ਪਹਿਲਾਂ ਬਣਾਏ ਗਏ ਰਿਕਾਰਡ ਦੀ ਬਰਾਬਰੀ ਕੀਤੀ। ਡਾਨੀਲੋਵਿਕ ਨੇ ਇਹ ਮੈਚ 6-3, 7-5 ਨਾਲ ਜਿੱਤਿਆ। ਅਟਲਾਂਟਾ ਦੀ ਰਹਿਣ ਵਾਲੀ ਤੇ ਛੇ ਫੁੱਟ ਇਕ ਇੰਚ ਲੰਬੀ ਪਾਰਕਸ ਦੇ ਕਰੀਅਰ ਦਾ ਕਿਸੇ ਗਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਇਹ ਪਹਿਲਾ ਮੈਚ ਸੀ। ਵੀਨਸ ਨੇ 2017 ਵਿਚ ਯੂਐੱਸ ਓਪਨ ਦੇ ਪਹਿਲੇ ਗੇੜ ਦੇ ਮੈਚ ਦੌਰਾਨ ਸਭ ਤੋਂ ਤੇਜ਼ ਸਰਵਿਸ ਦਾ ਰਿਕਾਰਡ ਬਣਾਇਆ ਸੀ। ਉਹ ਇੱਥੇ ਦੋ ਵਾਰ ਚੈਂਪੀਅਨ ਰਹਿ ਚੁੱਕੀ ਹੈ ਪਰ ਸੱਟ ਕਾਰਨ ਇਸ ਵਾਰ ਹਿੱਸਾ ਨਹੀਂ ਲੈ ਰਹੀ ਹੈ।

Related posts

7 ਅਗਸਤ ਨੂੰ ਦੇਸ਼ ਭਰ ’ਚ ਹਰ ਸਾਲ ਹੋਵੇਗਾ ਜੈਵਲਿਨ ਥ੍ਰੋ ਮੁਕਾਬਲਾ, ਅਥਲੈਟਿਕਸ ਸੰਘ ਨੇ ਕੀਤਾ ਐਲਾਨ

On Punjab

ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ ‘ਚ ਹਾਰੀ ਅੰਕਿਤਾ

On Punjab

IPL 2020, RR vs CSK Highlights: ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ, ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆ

On Punjab