ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂ ’ਚ ਗੁਪਤ ਰੂਪ ’ਚ ਅਮਰੀਕਾ ਨੂੰ ਹਥਿਆਰ ਵੇਚੇ। ਯੂਕਰੇਨੀ ਫ਼ੌਜ ਨੂੰ ਸਪਲਾਈ ਕਰਨ ਦੇ ਮਕਸਦ ਨਾਲ ਹਥਿਆਰਾਂ ਦੀ ਵਿਕਰੀ ਕੀਤੀ ਗਈ ਹੈ। ਅਮਰੀਕਾ ਤੇ ਪਾਕਿਸਤਾਨ ਦੇ ਅੰਦਰੂਨੀ ਸਰਕਾਰੀ ਦਸਤਾਵੇਜ਼ ਤੋਂ ਪੁਸ਼ਟੀ ਦੇ ਨਾਲ ਹੀ ਮਾਮਲੇ ਤੋਂ ਜਾਣੂ ਦੋ ਸੂਤਰਾਂ ਅਨੁਸਾਰ ਵਿਕਰੀ ਨਾਲ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਤੋਂ ਬੇਲਆਊਟ ਲੈਣ ’ਚ ਸਹਾਇਤਾ ਮਿਲੀ।
ਯੁੱਧ ਲਈ ਜ਼ਰੂਰੀ ਬੁਨਿਆਦੀ ਹਥਿਆਰਾਂ ਦੇ ਉਤਪਾਦਨ ਕੇਂਦਰ ਦੇ ਰੂਪ ’ਚ ਜਾਣਿਆ ਜਾਂਦਾ ਪਾਕਿਸਤਾਨ ਅਮਰੀਕੀ ਦਬਾਅ ’ਚ ਸੰਘਰਸ਼ ’ਚ ਸ਼ਾਮਲ ਹੋਇਆ। ਅਮਰੀਕਾ ਦੀ ਗ਼ੈਰ-ਲਾਭਕਾਰੀ ਖ਼ਬਰ ਜਥੇਬੰਦੀ ਇੰਟਰਸੈਪਟ ਅਨੁਸਾਰ ਇਹ ਖ਼ੁਲਾਸਾ ਹੋਣ ਨਾਲ ਵਿੱਤੀ ਅਤੇ ਸਿਆਸੀ ਕੱਦਾਵਰਾਂ ਵੱਲੋਂ ਪਰਦੇ ਦੇ ਪਿੱਛੇ ਚੱਲੀਆਂ ਗਈਆਂ ਉਨ੍ਹਾਂ ਚਾਲਾਂ ਦਾ ਪਤਾ ਲੱਗਦਾ ਹੈ ਜੋ ਆਮ ਤੌਰ ’ਤੇ ਇਸ ਦੀ ਕੀਮਤ ਚੁਕਾਉਣ ਵਾਲੀ ਜਨਤਾ ਦੇ ਸਾਹਮਣੇ ਨਹੀਂ ਆਉਂਦੀਆਂ। ਆਈਐੱਮਐੱਫ ਦੇ ਹਾਲੀਆ ਬੇਲਆਊਟ ਦੀਆਂ ਸ਼ਰਤਾਂ ਦੇ ਰੂਪ ’ਚ ਰੱਖੀਆਂ ਗਈਆਂ ਮੰਗਾਂ ਅਨੁਸਾਰ ਹੋਏ ਕਠੋਰ ਸੰਰਚਨਾਤਮਕ ਨੀਤੀਗਤ ਸੁਧਾਰਾਂ ਨੂੰ ਲੈ ਕੇ ਪਾਕਿਸਤਾਨ ਨੂੰ ਆਪਣੇ ਘਰ ’ਚ ਵਿਆਪਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਵੱਲੋਂ ਉਤਸ਼ਾਹਿਤ ਕੀਤੇ ਜਾਣ ’ਤੇ ਪਾਕਿਸਤਾਨੀ ਫ਼ੌਜ ਨੇ ਅਪ੍ਰੈਲ 2022 ’ਚ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ’ਚ ਮਦਦ ਕੀਤੀ ਸੀ।
ਇਮਰਾਨ ਦੇ ਹਟਦਿਆਂ ਹੀ ਉਪਯੋਗੀ ਬਣਿਆ ਪਾਕਿਸਤਾਨ
ਇਮਰਾਨ ਖ਼ਾਨ ਦੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਲਈ ਪਾਕਿਸਤਾਨ ਸਹਿਯੋਗੀ ਬਣ ਕੇ ਉੱਭਰਿਆ। ਆਈਐੱਮਐੱਫ ਦੇ ਕਰਜ਼ੇ ਨਾਲ ਇਸ ਨੂੰ ਕੀਮਤ ਚੁਕਾਈ ਗਈ ਹੈ। ਐਮਰਜੈਂਸੀ ਕਰਜ਼ੇ ਨੇ ਪਾਕਿਸਤਾਨ ਸਰਕਾਰ ਨੂੰ ਆਰਥਿਕ ਤਬਾਹੀ ਟਾਲਣ ਤੇ ਅਣਮਿਥੇ ਸਮੇਂ ਲਈ ਚੋਣਾਂ ਮੁਲਤਵੀ ਕਰਨ ਦੀ ਭੂਮਿਕਾ ਤਿਆਰ ਕੀਤੀ ਹੈ।