ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਛੋਟੇ ਬੇਟੇ ਹੰਟਰ ਨੇ ਕਿਹਾ ਹੈ ਕਿ ਯੂਕਰੇਨ ਗੈਸ ਕੰਪਨੀ ਦੇ ਬੋਰਡ ਵਿਚ ਰਹਿ ਕੇ ਕੋਈ ਵੀ ਗ਼ੈਰ-ਕਾਨੂੰਨੀ ਕੰਮ ਨਹੀਂ ਕੀਤਾ ਹੈ। ਏਨਾ ਹੀ ਨਹੀਂ ਫ਼ੈਸਲਾ ਲੈਣ ਵਿਚ ਵੀ ਉਨ੍ਹਾਂ ਵੱਲੋਂ ਕਦੇ ਕੋਈ ਕਸਰ ਨਹੀਂ ਛੱਡੀ ਗਈ। ਹੰਟਰ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਵੀ ਉਹ ਕੰਪਨੀ ਨਾਲ ਕੰਮ ਨਹੀਂ ਕਰਨਾ ਚਾਹੁਣਗੇ। ਇਸ ਲਈ ਉਨ੍ਹਾਂ ਦੇਸ਼ ਦੇ ਮੌਜੂਦਾ ਹਾਲਾਤ ਨੂੰ ਜ਼ਿੰਮੇਵਾਰ ਠਹਿਰਾਇਆ। ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੰਟਰ ਦੇ ਯੂਕਰੇਨ ਦੀ ਕੰਪਨੀ ਨਾਲ ਕੰਮ ਕਰਨ ਨੂੰ ਲੈ ਕੇ ਕਈ ਸਵਾਲ ਉਠਾਏ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਕੰਪਨੀ ਵਿਚ ਕੰਮ ਕਰਨ ਦੌਰਾਨ ਹੰਟਰ ਨੇ ਆਪਣੇ ਪਿਤਾ ਦੇ ਨਾਂ ਦਾ ਇਸਤੇਮਾਲ ਕੀਤਾ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵੀ ਰਹਿ-ਰਹਿ ਕੇ ਟਰੰਪ ਯੂਕਰੇਨ ਦਾ ਮਾਮਲਾ ਉਠਾ ਕੇ ਬਾਇਡਨ ਨੂੰ ਭਿ੍ਸ਼ਟਾਚਾਰ ਦੇ ਮੁੱਦੇ ‘ਤੇ ਘੇਰਨ ਤੋਂ ਬਾਜ਼ ਨਹੀਂ ਆਉਂਦੇ ਸਨ।
ਆਪਣੀਆਂ ਯਾਦਾਂ ਨਾਲ ਜੁੜੀ ਕਿਤਾਬ ‘ਬਿਊਟੀਫੁਲ ਥਿੰਗਜ਼’ ‘ਚ ਹੰਟਰ ਲਿਖਦੇ ਹਨ, ਨਾ ਤਾਂ ਮੈਂ ਕੁਝ ਗ਼ਲਤ ਕੀਤਾ ਅਤੇ ਨਾ ਹੀ ਕਦੇ ਮੇਰੇ ਉੱਪਰ ਗ਼ਲਤ ਕੰਮ ਕਰਨ ਦਾ ਦੋਸ਼ ਲੱਗਾ। ਅੱਜ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਮੈਨੂੰ ਉਹ ਅਹੁਦਾ ਮਿਲਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਵਿਚ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਮੈਂ ਕੀ ਕੀਤਾ ਹੈ ਅਤੇ ਕੀ ਨਹੀਂ ਕੀਤਾ। ਹਮਲੇ ਮੇਰੇ ਉੱਪਰ ਕੀਤੇ ਜਾਣਗੇ, ਪਰ ਇਸ ਨਾਲ ਜ਼ਖ਼ਮੀ ਮੇਰੇ ਪਿਤਾ ਹੋਣਗੇ।’ ਇਸ ਕਿਤਾਬ ਨੂੰ ਮੰਗਲਵਾਰ ਨੂੰ ਰਿਲੀਜ਼ ਕੀਤਾ ਗਿਆ।
ਕਿਤਾਬ ਵਿਚ ਰਾਸ਼ਟਰਪਤੀ ਦੇ ਬੇਟੇ ਨੇ ਸ਼ਰਾਬ ਅਤੇ ਡਰੱਗਜ਼ ਦੀ ਆਦਤ ਕਾਰਨ ਕਈ ਵਾਰ ਨਸ਼ੇ ਛੁਡਾਉਣ ਵਾਲੇ ਕੇਂਦਰ ਵਿਚ ਜਾਣ ਦਾ ਵੀ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ ਕਿ ਸਾਲ 2015 ਵਿਚ ਵੱਡੇ ਭਰਾ ਬੀਯੂ ਦੀ ਬ੍ਰੇਨ ਕੈਂਸਰ ਨਾਲ ਮੌਤ ਤੋਂ ਬਾਅਦ ਉਹ ਨਸ਼ਿਆਂ ਦੀ ਗਿ੍ਫ਼ਤ ਵਿਚ ਆ ਗਏ ਸਨ।