ਨਵੀਂ ਦਿੱਲੀ-ਯੂਟਿਊਬਰ ਰਣਵੀਰ ਅਲਾਹਾਬਾਦੀਆ ਨੇ ਆਪਣੀਆਂ ਵਿਵਾਦਤ ਟਿੱਪਣੀਆਂ ਲਈ ਮੁਆਫੀ ਮੰਗ ਲਈ ਹੈ। ਰਣਵੀਰ ਨੇ ਇਹ ਟਿੱਪਣੀ ਕਾਮੇਡੀਅਨ ਸਮੈ ਰੈਨਾ ਦੇ ਯੂਟਿਊਬ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਦੇ ਇੱਕ ਪ੍ਰਤੀਯੋਗੀ ਨੂੰ ਉਸ ਦੇ ਮਾਪਿਆਂ ਅਤੇ ਜਿਨਸੀ ਸਬੰਧਾਂ ਬਾਰੇ ਸਵਾਲ ਕਰਦਿਆਂ ਕੀਤੀ, ਜਿਸ ਕਾਰਨ ਕਈ ਲੋਕਾਂ ਨੇ ਉਸ ਦੇ ਪੋਡਕਾਸਟ ’ਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੂਬੇ ਦੇ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਰਣਵੀਰ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਕੀਤੀ ਗਈ ਦੁਰਵਰਤੋਂ ਕਰਨ ਦੀ ਆਲੋਚਨਾ ਕੀਤੀ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।ਰਣਵੀਰ ਦੇ ਐਕਸ ’ਤੇ ਛੇ ਲੱਖ ਤੋਂ ਵੱਧ ਅਤੇ ਇੰਸਟਾਗ੍ਰਾਮ ’ਤੇ 45 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸੇ ਤਰ੍ਹਾਂ ਉਸ ਦੇ ਯੂਟਿਊਬ ਚੈਨਲ ’ਤੇ 1.05 ਕਰੋੜ ਸਬਸਕ੍ਰਾਈਬਰ ਹਨ। ਉਸ ਨੇ ਅੱਜ ਐਕਸ ’ਤੇ ਵੀਡੀਓ ਸਾਂਝੀ ਕਰਦਿਆਂ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗੀ ਅਤੇ ਮੰਨਿਆ ਕਿ ਉਸ ਦੀਆਂ ਟਿੱਪਣੀਆਂ ਨਾ ਸਿਰਫ਼ ਅਣਉਚਿਤ ਸਨ, ਸਗੋਂ ਹਾਸੇ ਵਾਲੀਆਂ ਵੀ ਨਹੀਂ ਸਨ।
ਅਲਾਹਾਬਾਦੀਆ ਨੇ ਕਿਹਾ, ‘ਕਾਮੇਡੀ ਮੇਰੀ ਵਿਸ਼ੇਸ਼ਤਾ ਨਹੀਂ ਹੈ। ਮੈਂ ਤਾਂ ਬਸ ਮੁਆਫ਼ੀ ਮੰਗਣ ਆਇਆ ਹਾਂ। ਜੋ ਕੁਝ ਵੀ ਹੋਇਆ, ਮੈਂ ਉਸ ਦਾ ਤਰਕ ਦੇਣ ਨਹੀਂ ਆਇਆ। ਮੈਂ ਇੱਥੇ ਸਿਰਫ਼ ਮੁਆਫ਼ੀ ਮੰਗਣ ਆਇਆ ਹਾਂ।’ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਵੀਡੀਓ ਨਹੀਂ ਦੇਖੀ, ਪਰ ਉਹ ਫਿਰ ਵੀ ਲੋਕਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀਆਂ ਹੱਦਾਂ ਬਾਰੇ ਚਿਤਾਵਨੀ ਦਿੰਦੇ ਹਨ।
ਐਪੀਸੋਡ ਹਟਾਉਣ ਲਈ ਐੱਨਐੱਚਆਰਸੀ ਵੱਲੋਂ ਯੂਟਿਊਬ ਨੂੰ ਪੱਤਰ:ਆਨਲਾਈਨ ਰਿਐਲਿਟੀ ਸ਼ੋਅ ਦੌਰਾਨ ਰਣਵੀਰ ਅਲਾਹਾਬਾਦੀਆ ਵੱਲੋਂ ਕੀਤੀਆਂ ਵਿਵਾਦਤ ਟਿੱਪਣੀਆਂ ਕਾਰਨ ਪੈਦਾ ਹੋਏ ਵਿਵਾਦ ਵਿਚਾਲੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ ਮੈਂਬਰ ਨੇ ਅੱਜ ਇਸ ਮੁੱਦੇ ਦਾ ਨੋਟਿਸ ਲੈਂਦਿਆਂ ਯੂਟਿਊਬ ਨੂੰ ਚਿੱਠੀ ਲਿਖ ਕੇ ਇਹ ਐਪੀਸੋਡ ਤੁਰੰਤ ਹਟਾਉਣ ਲਈ ਕਿਹਾ ਹੈ। ਐੱਨਐੱਚਆਰਸੀ ਦੇ ਮੈਂਬਰ ਪ੍ਰਿਯੰਕ ਕਨੂੰਗੋ ਨੇ ਇਹ ਚਿੱਠੀ ਭਾਰਤ ’ਚ ਯੂਟਿਊਬ ਦੇ ਪਬਲਿਕ ਪਾਲਿਸੀ ਦੇ ਮੁਖੀ ਨੂੰ ਲਿਖੀ ਹੈ। ਸ਼ਿਕਾਇਤ ’ਚ ਸ਼ੋਅ ਦੀ ਨਕਾਰਾਤਮਕਤਾ, ਪੱਖਪਾਤੀ ਦ੍ਰਿਸ਼ਟੀਕੋਣ, ਧਾਰਮਿਕ ਤੇ ਸੱਭਿਆਚਾਰਕ ਅਸਹਿਣਸ਼ੀਲਤਾ ਅਤੇ ਖਾਸ ਤੌਰ ’ਤੇ ਔਰਤਾਂ ਤੇ ਬੱਚਿਆਂ ਪ੍ਰਤੀ ਅਪਮਾਨਜਨਕ ਅਤੇ ਅਸ਼ਲੀਲ ਵਿਚਾਰਧਾਰਾ ਦੇ ਪ੍ਰਚਾਰ ਨਾਲ ਸਬੰਧਤ ਚਿੰਤਾ ਜਤਾਈ ਗਈ ਹੈ।