ਸਥਾਨਕ ਗੁਰੂਘਰ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚਰਚਿਤ ਚੋਣਾਂ ਅੱਜ ਸ਼ਾਮ ਅਮਨ-ਅਮਾਨ ਨਾਲ ਮੁਕੰਮਲ ਹੋ ਗਈਆਂ ਹਨ । ਦੋ ਦਿਨ ਪੈਣ ਵਾਲੀਆਂ ਵੋਟਾਂ ਦੇ ਅੱਜ ਦੂਜੇ ਦਿਨ ਵੀ ਵੋਟਰਾਂ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ । ‘ਖਾਲਸਾ ਪੰਥ ਸਲੇਟ’ ਅਤੇ ‘ਸਾਧ ਸੰਗਤ ਸਲੇਟ’ ਦੇ ਚੋਣਾਂ ਵਿੱਚ ਖੜ੍ਹੇ ਉਮੀਦਵਾਰ ਤੇ ਉਹਨਾਂ ਦੇ ਹਿਮਾਇਤੀਆਂ ਵੱਲੋਂ ਗੁਰਦੁਆਰੇ ਨੂੰ ਜਾਂਦੀ ਸੜਕ ਤੇ ਵਿਸ਼ਾਲ ਤੰਬੂ ਲਗਾਏ ਗਏ ਸਨ। ਉਹ ਵੋਟ ਪਾਉਣ ਜਾ ਰਹੇ ਹਰ ਵੋਟਰ ਦਾ ਵਾਹਨ ਰੋਕ ਕੇ ਆਪਣੀ-ਆਪਣੀ ਸਲੇਟ ਦੇ ਉਮੀਦਵਾਰਾਂ ਦੇ ਨਾਵਾਂ ਵਾਲੇ ਪੈਂਫ਼ਲਿਟ ਵੰਡਦੇ ਰਹੇ ਤੇ ਆਪਣੇ-ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਬੇਨਤੀਆਂ ਕਰਦੇ ਰਹੇ । ਦੋਵੇਂ ਸਲੇਟਾਂ ਵੱਲੋਂ ਵੋਟਰਾਂ ਲਈ ਖਾਣ-ਪੀਣ ਦਾ ਵਿਸ਼ਾਲ ਪ੍ਰਬੰਧ ਕੀਤਾ ਗਿਆ ਸੀ । ਵੋਟਾਂ ਦੀ ਗਿਣਤੀ ਜਾਰੀ ਹੈ । ਕੁਲ ਰਜਿਸਟਰਡ ਵੋਟਾਂ 6804 ਸਨ ਜਦਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 3611 ਰਹੀ। ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ।