ਦੁਨੀਆਭਰ ’ਚ ਹਰ ਰੋਜ਼ ਮੌਸਮ ਬਦਲ ਰਿਹਾ ਹੈ, ਬਦਲਦੇ ਮੌਸਮ ਨਾਲ ਚੱਕਰਵਾਤੀ ਤੂਫਾਨ ਤੇ ਹੜ੍ਹ ਦੀ ਸਥਿਤੀ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਚੀਨ, ਯੂਰਪ ਦੇ ਕਈ ਮੁਲਕਾਂ ਤੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਚੀਨ ਇਸ ਸਮੇਂ 1,000 ਸਾਲ ’ਚ ਸਭ ਤੋਂ ਜ਼ਿਆਦਾ ਬਾਰਿਸ਼ ਦਾ ਸਾਹਮਣਾ ਕਰ ਰਿਹਾ ਹੈ। ਯੂਰਪ 100 ਸਾਲ ’ਚ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਯੂਰਪ ਦੇ ਕਈ ਮੁਲਕਾਂ ’ਚ ਜਿਵੇਂ ਜਰਮਨੀ, ਸਵਿਟਜਰਲੈਂਡ, ਸਪੇਨ, ਬੇਲਜੀਅਮ, ਨੀਦਰਲੈਂਡ ਤੇ ਲਕਜਮਬਰਗ ’ਚ ਬਾਰਿਸ਼ ਦਾ ਕਹਿਰ ਹੈ।
ਚੀਨ ਦੀ ਸਰਕਾਰੀ ਸਿਨਹੂਆ ਏਜੰਸੀ ਨੇ ਸਥਾਨਿਕ ਸਰਕਾਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਪੀਲੀ ਨਦੀ ਦੇ ਕਿਨਾਰੇ 12 ਮਿਲੀਅਨ ਤੋਂ ਜ਼ਿਅਦਾ ਦੀ ਅਬਾਦੀ ਵਾਲੇ ਝੇਂਗਝੋ ’ਚ, ਹੁਣ ਤਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਪਗ 100,000 ਲੋਕਾਂ ਨੂੰ ਸੁਰੱਖਿਅਤ ਖੇਤਰਾਂ ’ਚ ਪਹੁੰਚਾਇਆ ਗਿਆ ਹੈ। ਚੀਨ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੀਨ ਦੇ ਇਤਿਹਾਸ ’ਚ 1,000 ਸਾਲਾ ’ਚ ਇਹ ਸਭ ਤੋਂ ਭਾਰੀ ਬਾਰਿਸ਼ ਸੀ। ਅਮਰੀਕਾ ਦੇ ਲੋਕਾਂ ਨੇ ਵੀ ਹੜ੍ਹ ਦਾ ਸਾਹਮਣਾ ਕੀਤਾ ਹੈ। ਵਾਸ਼ਿੰਗਟਨ ’ਚ ਜ਼ਬਰਦਸਤ ਬਾਰਿਸ਼ ਦੇ ਕਾਰਨ ਜਗ੍ਹਾ-ਜਗ੍ਹਾ ਪਾਣੀ ਦੇਖਣ ਨੂੰ ਮਿਲਿਆ ਸੀ। ਕੁਝ ਦਿਨ ਪਹਿਲਾਂ ਹੀ ਕਈ ਚੱਕਰਵਾਤੀ ਤੂਫਾਨ ਵੀ ਦੇਖਣ ਨੂੰ ਮਿਲੇ ਸੀ।