ਕੋਰੋਨਾ ਤੋਂ ਬਾਅਦ ਦੋ ਸ਼ਿਫਟਾਂ ਵਿੱਚ ਕੰਮ ਕਰਨ ਵਾਲੀ ਇੰਡਸਟਰੀ ਹੁਣ ਅੱਠ ਘੰਟੇ ਦੀ ਇਕ ਸ਼ਿਫਟ ਵਿੱਚ ਕੰਮ ਕਰ ਰਹੀ ਹੈ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ‘ਚ ਇੰਡਸਟਰੀ ਨੂੰ ਛਾਂਟੀ ਵੀ ਕਰਨੀ ਪੈ ਸਕਦੀ ਹੈ।
ਕੁਝ ਕੰਪਨੀਆਂ ਘੱਟ ਉਤਪਾਦਨ ਕਰਕੇ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ, ਪਰ ਜੇਕਰ ਸਥਿਤੀ ਨਹੀਂ ਬਦਲੀ ਤਾਂ ਉਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਰਮਚਾਰੀਆਂ ਦੀ ਗਿਣਤੀ ਘਟਾਉਣ ‘ਤੇ ਵਿਚਾਰ ਕਰਨਾ ਪਵੇਗਾ। ਬਰਾਮਦਕਾਰਾਂ ਮੁਤਾਬਕ ਅਮਰੀਕਾ ਤੇ ਯੂਰਪ ‘ਚ ਅਰਥਵਿਵਸਥਾ ‘ਚ ਆਈ ਮੰਦੀ ਤੇ ਰੂਸ-ਯੂਕਰੇਨ ਵਿਵਾਦ ਕਾਰਨ ਗੈਸ ਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਨੇ ਉਥੋਂ ਦੇ ਲੋਕਾਂ ਦੀ ਖਰੀਦ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਪੰਜਾਬ ਤੋਂ ਸਾਈਕਲ ਤੇ ਸਾਈਕਲ ਪਾਰਟਸ, ਆਟੋ ਪਾਰਟਸ, ਹੈਂਡ ਟੂਲਜ਼, ਇੰਜਨੀਅਰਿੰਗ ਸਾਮਾਨ, ਕੱਪੜੇ ਦੇ ਧਾਗੇ ਦੀ ਬਰਾਮਦ ਪ੍ਰਭਾਵਿਤ ਹੋਈ ਹੈ। ਇਸ ਸੰਕਟ ਬਾਰੇ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਐਫਆਈਈਓ) ਦੇ ਸਾਬਕਾ ਕੌਮੀ ਪ੍ਰਧਾਨ ਐਸਸੀ ਰਲਹਨ ਨੇ ਕਿਹਾ ਕਿ ਰੂਸ-ਯੂਕਰੇਨ ਵਿਵਾਦ ਕਾਰਨ ਪੂਰੀ ਦੁਨੀਆ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ।
ਘੱਟ ਖਰੀਦਦਾਰੀ ਕਾਰਨ ਆਰਡਰ ਘਟਦੇ
ਯੂਰਪ ਤੇ ਅਮਰੀਕਾ ਪੰਜਾਬ ਲਈ ਮਹੱਤਵਪੂਰਨ ਮੰਡੀਆਂ ਹਨ। ਦੋਵਾਂ ਦੇਸ਼ਾਂ ਦੇ ਲੋਕਾਂ ਦੀ ਖਰੀਦ ਸ਼ਕਤੀ ਘੱਟ ਗਈ ਹੈ। ਖਰੀਦਦਾਰੀ ਘੱਟ ਹੋਣ ਕਾਰਨ ਆਰਡਰ ਘੱਟ ਆਏ ਹਨ। ਪਿਛਲੇ ਸਾਲ ਭਾਰਤ ਨੇ 422 ਬਿਲੀਅਨ ਡਾਲਰ ਦੀ ਬਰਾਮਦ ਕੀਤੀ ਸੀ ਤੇ ਇਸ ਸਾਲ 500 ਬਿਲੀਅਨ ਡਾਲਰ ਦਾ ਟੀਚਾ ਹੈ ਪਰ ਮੌਜੂਦਾ ਸਥਿਤੀ ਵਿੱਚ ਇਸ ਬਰਾਮਦ ਨੂੰ 400 ਬਿਲੀਅਨ ਡਾਲਰ ਤਕ ਵੀ ਪਹੁੰਚਾਉਣਾ ਮੁਸ਼ਕਲ ਹੋਵੇਗਾ। ਗੰਗਾ ਐਕਰੋਵੂਲ ਲਿਮਟਿਡ ਦੇ ਚੇਅਰਮੈਨ ਅਮਿਤ ਥਾਪਰ ਨੇ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਮੰਗ ਦੀ ਕਮੀ ਨੇ ਪੰਜਾਬ ਦੀ ਸਨਅਤ ਦੇ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਧਾਗਾ ਉਦਯੋਗ ਨੂੰ ਆਪਣਾ ਉਤਪਾਦਨ 15 ਫੀਸਦੀ ਤਕ ਘਟਾਉਣਾ ਪਿਆ ਹੈ। ਜਦੋਂ ਕਿ ਸਹਿਜ ਸਲਿਊਸ਼ਨਜ਼ ਦੇ ਐਮਡੀ ਅਸ਼ਪ੍ਰੀਤ ਸਿੰਘ ਸਾਹਨੀ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰ ਵਿੱਚ ਮੰਦੀ ਕਾਰਨ ਬਰਾਮਦਕਾਰਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ।