ਸ੍ਰੀਨਗਰ- ਰਮਜ਼ਾਨ ਦੇ ਮਹੀਨੇ ’ਚ ਸੈਰ-ਸਪਾਟੇ ਵਾਲੀ ਥਾਂ ਗੁਲਮਰਗ ’ਚ ਕਰਵਾਏ ਗਏ ਫੈਸ਼ਨ ਸ਼ੋਅ ਦੀ ਵੱਡੇ ਪੱਧਰ ’ਤੇ ਆਲੋਚਨਾ ਕੀਤੀ ਜਾ ਰਹੀ ਹੈ। ਕਸ਼ਮੀਰ ਦੇ ਮੀਰਵਾਈਜ਼ ਉਮਰ ਫਾਰੂਕ ਨੇ ਕਿਹਾ ਕਿ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਨਾਂ ’ਤੇ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫਾਰੂਕ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਇਹ ਬਹੁਤ ਸ਼ਰਮਨਾਕ ਹੈ! ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਗੁਲਮਰਗ ’ਚ ਇੱਕ ਅਸ਼ਲੀਲ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਸ ਨਾਲ ਲੋਕਾਂ ’ਚ ਬਹੁਤ ਨਾਰਾਜ਼ਗੀ ਹੈ। ਸੂਫੀ ਸੰਤ ਸੱਭਿਆਚਾਰ ਤੇ ਲੋਕਾਂ ਦੀ ਧਾਰਮਿਕਤਾ ਲਈ ਜਾਣੀ ਜਾਂਦੀ ਘਾਟੀ ’ਚ ਇਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ?’ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਕਰਾਉਣ ਵਾਲੇ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਮੀਰਵਾਈਜ਼ ਨੇ ਕਿਹਾ, ‘ਇਸ ’ਚ ਸ਼ਾਮਲ ਲੋਕਾਂ ਨੂੰ ਤੁਰੰਤ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਂ ’ਤੇ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’ ਸਮਾਜਿਕ ਕਾਰਕੁਨ ਰਾਜਾ ਮੁਜ਼ੱਫਰ ਭੱਟ ਨੇ ਇਸ ਪ੍ਰੋਗਰਾਮ ਨੂੰ ਕਸ਼ਮੀਰ ਦੀਆਂ ਨੈਤਿਕ ਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਕਿਹਾ, ‘ਰਮਜ਼ਾਨ ਮੌਕੇ ਇਹ ਅਸ਼ਲੀਲ ਫੈਸ਼ਨ ਸ਼ੋਅ ਕਰਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ?’
ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਰਿਪੋਰਟ ਮੰਗੀ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਗੁਲਮਰਗ ’ਚ ਕਰਵਾਏ ਗਏ ਫੈਸ਼ਨ ਸ਼ੋਅ ਦੇ ਮਾਮਲੇ ’ਚ ਰਿਪੋਰਟ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਮਿਲਣ ਮਗਰੋਂ 24 ਘੰਟਿਆਂ ਅੰਦਰ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਲੋਕਾਂ ਦਾ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ। ਮੈਂ ਜੋ ਤਸਵੀਰਾਂ ਦੇਖੀਆਂ ਹਨ ਉਨ੍ਹਾਂ ’ਚ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।’