ਸਮੱਗਰੀ-ਬਰੀਕ ਸੂਜੀ ਇੱਕ ਕੱਪ, ਦੁੱਧ ਇੱਕ ਕੌਲੀ, ਅੱਧਾ ਕੌਲੀ ਘਿਓ, ਬੂਰਾ ਖੰਡ ਇੱਕ ਕੌਲੀ, ਅੱਧੀ ਕੌਲੀ ਦਹੀਂ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਨਮਕ 1/4 ਛੋਟਾ ਚਮਚ, ਬੇਕਿੰਗ ਸੋਢਾ ਛੋਟਾ ਚਮਚ, ਬੇਕਿੰਗ ਪਾਊਡਰ ਅੱਧਾ ਛੋਟਾ ਚਮਚ, ਸੁੱਕੇ ਮੇਵੇ।
ਵਿਧੀ-ਬਾਉਲ ਵਿੱਚ ਸੂਜੀ ਅਤੇ ਬੂਰਾ ਖੰਡ ਮਿਲਾ ਕੇ ਇਕੱਠੇ ਛਾਣ ਕੇ ਇਸ ਵਿੱਚ ਘਿਓ ਅਤੇ ਦਹੀਂ ਮਿਲਾਓ। ਥੋੜ੍ਹਾ-ਥੋੜ੍ਹਾ ਕਰ ਕੇ ਦੁੱਧ ਪਾਉਂਦੇ ਜਾਓ ਅਤੇ ਚਮਚ ਨਾਲ ਮਿਸ਼ਰਣ ਮਿਲਾਉਂਦੇ ਜਾਓ। ਥੋੜ੍ਹਾ ਦੁੱਧ ਬਚਾ ਲਓ। ਮਿਸ਼ਰਣ ਨੂੰ 10 ਮਿੰਟ ਲਈ ਢੱਕ ਕੇ ਰੱਖ ਦਿਓ ਤਾਂ ਕਿ ਫੁੱਲ ਜਾਏ। (ਇਸ ਦੌਰਾਨ ਕੁੱਕਰ ਵਿੱਚ ਦੋ ਗਿਲਾਸ ਪਾਣੀ ਪਾਓ। ਬਰਤਨ ਦੇ ਹੇਠਾਂ ਰੱਖਣ ਵਾਲਾ ਸਟੈਂਡ ਇਸ ਦੇ ਅੰਦਰ ਰੱਖੋ ਅਤੇ ਮੱਧਮ ਸੇਕ ‘ਤੇ ਪਾਣੀ ਗਰਮ ਕਰੋ।) ਮਿਸ਼ਰਣ ਨੂੰ ਇੱਕੋ ਦਿਸ਼ਾ ਵਿੱਚ ਘੁਮਾਉਂਦੇ ਹੋਏ ਫੈਂਟੋ। ਇਸ ਵਿੱਚ ਨਮਕ, ਬੇਕਿੰਗ ਸੋਢਾ, ਬੇਕਿੰਗ ਪਾਊਡਰ ਤੇ ਇਲਾਇਚੀ ਪਾਊਡਰ ਪਾ ਕੇ ਜਲਦੀ ਨਾਲ ਹਿਲਾਓ। ਬਚੇ ਹੋਏ ਦੁੱਧ ਨੂੰ ਮਿਸ਼ਰਣ ਵਿੱਚ ਮਿਲਾਓ। ਸੁੱਕੇ ਮੇਵੇ ਵੀ ਮਿਲਾ ਲਓ।
ਕੇਕ ਬਣਾਉਣ ਲਈ ਗਹਿਰਾ ਬਰਤਨ ਲਓ। ਇਸ ਵਿੱਚ ਘਿਓ ਲਾ ਕੇ ਮਿਸ਼ਰਣ ਪਲਟ ਦਿਓ। ਕੁੱਕਰ ਦੇ ਪਾਣੀ ਵਿੱਚ ਉਬਾਲ ਆ ਜਾਏ ਤਾਂ ਇਸ ਵਿੱਚ ਕੇਕ ਦਾ ਬਰਤਨ ਰੱਖ ਕੇ ਢੱਕਣ ਦੀ ਸੀਟੀ ਹਟਾ ਕੇ ਤੀਹ ਮਿੰਟ ਤੱਕ ਪੱਕਣ ਦਿਓ। ਹੁਣ ਇੱਕ ਚਾਕੂ ਕੇਕ ਵਿੱਚ ਪਾਓ, ਜੇ ਉਹ ਸਾਫ ਬਾਹਰ ਨਿਕਲ ਆਏ, ਤਾਂ ਸਮਝ ਲਓ ਕੇਕ ਤਿਆਰ ਹੈ। ਇਸ ਨੂੰ ਥਾਲੀ ਵਿੱਚ ਪਲਟ ਦਿਓ।