ਮੁੰਬਈ: ਉੱਘੇ ਅਦਾਕਾਰ ਤੇ ਡਾਇਰੈਕਟਰ ਰਾਕੇਸ਼ ਰੌਸ਼ਨ ਨੇ ਹਾਲ ਹੀ ਵਿੱਚ ਆਪਣੇ ਅਤੀਤ ਦੀਆਂ ਭਿਆਨਕ ਯਾਦਾਂ ਸਾਂਝੀਆਂ ਕੀਤੀਆਂ, ਜਿਸ ਨੂੰ ਉਹ ‘ਬੁਰਾ ਸੁਫ਼ਨਾ’ ਆਖਦੇ ਹਨ। ਰਾਕੇਸ਼ ਨੇ ਆਪਣੇ ਪੁੱਤਰ ਰਿਤਿਕ ਰੌਸ਼ਨ ਦੀ ਪਹਿਲੀ ਫਿਲਮ ‘ਕਹੋ ਨਾ ਪਿਆਰ ਹੈ’ (2000) ਦਾ ਨਿਰਦੇਸ਼ਨ ਕੀਤਾ ਸੀ। ਫ਼ਿਲਮ ਰਿਲੀਜ਼ ਹੋਣ ਤੋਂ ਕੁੱਝ ਸਮੇਂ ਮਗਰੋਂ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਹ ਇੱਕ ਅਜਿਹੀ ਘਟਨਾ ਸੀ ਜਿਸ ਨੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਅਦਾਕਾਰ ਨੇ ਕਿਹਾ ਕਿ ਹਮਲੇ ਤੋਂ ਫੌਰੀ ਬਾਅਦ ਉਸ ਲਈ ਹਥਿਆਰਬੰਦ ਸੁਰੱਖਿਆ ਗਾਰਡ ਨਿਯੁਕਤ ਕੀਤੇ ਗਏ। ਹਾਲਾਂਕਿ, ਸੁਰੱਖਿਅਤ ਮਹਿਸੂਸ ਕਰਨ ਦੀ ਥਾਂ ਰਾਕੇਸ਼ ਰੌਸ਼ਨ ਇਸ ਗੱਲ ਤੋਂ ਡਰੇ ਹੋਏ ਸਨ ਕਿ ਗਾਰਡ ਖੁਦ ਹੀ ਉਸ ਨੂੰ ‘ਨੁਕਸਾਨ’ ਪਹੁੰਚਾ ਸਕਦੇ ਹਨ ਅਤੇ ਗ਼ਲਤੀ ਨਾਲ ਗੋਲੀ ਮਾਰ ਸਕਦੇ ਹਨ। ਰਾਕੇਸ਼ ਨੇ ਕਿਹਾ, ‘‘ਚਾਹੇ ਤੁਹਾਡੇ ਆਲੇ-ਦੁਆਲੇ ਕਿੰਨੇ ਵੀ ਸੁਰੱਖਿਆ ਕਰਮੀ ਹੋਣ, ਤੁਸੀਂ ਹਾਲੇ ਵੀ ਖੁੱਲ੍ਹੇ ਤੌਰ ’ਤੇ ਨਿਸ਼ਾਨੇ ਉੱਤੇ ਹੋ। ਜੇ ਕੋਈ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਸੁਰੱਖਿਆ ਗਾਰਡ ਕੁਝ ਨਹੀਂ ਕਰ ਸਕਣਗੇ। ਜੇ ਕੋਈ ਕੁਝ ਕਰਨਾ ਚਾਹੁੰਦਾ ਹੈ ਤਾਂ ਇਹ ਸੁਰੱਖਿਆ ਗਾਰਡ ਤੁਹਾਡੀ ਮਦਦ ਨਹੀਂ ਕਰ ਸਕਦੇ।’’ ਰਾਕੇਸ਼ ਰੌਸ਼ਨ ਨੇ ਦੱਸਿਆ ਕਿ ਲਗਾਤਾਰ ਸੁਰੱਖਿਆ ਕਾਰਨ ਉਸ ਨੂੰ ਬਹੁਤ ਜ਼ਿਆਦਾ ਘੁਟਣ ਮਹਿਸੂਸ ਹੋਣ ਲੱਗਦੀ ਸੀ। ਇੱਥੋਂ ਤੱਕ ਕਿ ਸਮੁੰਦਰੀ ਤੱਟ ’ਤੇ ਸੈਰ ਕਰਦੇ ਸਮੇਂ ਵੀ ਸੁਰੱਖਿਆ ਕਰਮੀ ਉਸ ਦਾ ਪਿੱਛਾ ਕਰਦੇ ਸਨ ਜਿਸ ਕਾਰਨ ਉਸ ਨੂੰ ਘੁਟਣ ਮਹਿਸੂਸ ਹੁੰਦੀ ਸੀ। ਜ਼ਿਕਰਯੋਗ ਹੈ ਕਿ ਉੱਘੇ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਨੇ ਹਾਲ ਹੀ ਵਿੱਚ ਆਇਫ਼ਾ -2025 ਵਿੱਚ ‘ਆਊਟਸਟੈਂਡਿੰਗ ਅਚੀਵਮੈਂਟ ਐਵਾਰਡ’ ਜਿੱਤਿਆ ਹੈ। ਉਹ ਰੇਖਾ ਨਾਲ ‘ਖੂਬਸੂਰਤ (1980) ਅਤੇ ਜੈਪ੍ਰਦਾ ਨਾਲ ‘ਕਾਮਚੋਰ’ (1982) ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।