ਹੁਸ਼ਿਆਰਪੁਰ : ਬੁੱਧਵਾਰ ਬਾਅਦ ਦੁਪਹਿਰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਪਿੱਪਲਾਂਵਾਲਾ ’ਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇਕ ਵਰਨਾ ਗੱਡੀ ਸਵਾਰ ਕੁੜੀ ਨੂੰ ਦੂਜੀ ਗੱਡੀ ’ਚ ਆਏ ਕੁਝ ਵਿਅਕਤੀ ਚਾਕੂ ਦੀ ਨੋਕ ’ਤੇ ਅਗਵਾ ਕਰ ਕੇ ਲੈ ਗਏ। ਇਸ ਹੰਗਾਮੇ ਦੌਰਾਨ ਦੂਜੀ ਗੱਡੀ ਦੀ ਸਕੂਲੀ ਬੱਚਿਆਂ ਵਾਲੇ ਆਟੋ ਨਾਲ ਟੱਕਰ ਹੋਣ ਕਾਰਨ ਪੰਜ ਬੱਚੇ ਜ਼ਖਮੀ ਹੋ ਗਏ।
ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਦੇ ਕਾਰ ਸਵਾਰ ਇਕ ਕੁੜੀ ਤੇ ਮੁੰਡੇ ਨੂੰ ਪੁੱਛਗਿਛ ਲਈ ਥਾਣੇ ਲੈ ਆਏ ਤੇ ਕਾਰ ਵੀ ਟੋਅ ਕਰ ਕੇ ਥਾਣੇ ਲੈ ਗਏ।
ਕਾਰ ਸਵਾਰ ਮੁੰਡੇ ਨੇ ਕਿਹਾ ਕਿ ਅਗਵਾ ਕੀਤੀ ਗਈ ਕੁੜੀ ਦੀ ਉਮਰ 19 ਸਾਲ ਦੇ ਕਰੀਬ ਹੈ ਤੇ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ। ਉਸ ਦੇ ਘਰਵਾਲੇ ਜਬਰੀ ਉਸ ਦਾ ਵਿਆਹ ਕਰਵਾ ਰਹੇ ਸੀ ਜਿਸ ਕਾਰਨ ਕੁਝ ਦਿਨ ਪਹਿਲਾਂ ਹੀ ਉਹ ਉਸ ਨੂੰ ਉਥੋਂ ਲੈ ਆਇਆ ਸੀ। ਹੁਣ ਉਹ ਜਲੰਧਰ ਜਾ ਰਹੇ ਸੀ ਤਾਂ ਉਸ ਨੂੰ ਚਾਕੂ ਦਿਖਾ ਕੇ ਕਾਰ ਸਵਾਰ ਨਾਲ ਲੈ ਗਏ। ਕਾਰ ਦੇ ਡਰਾਈਵਰ ਦਾ ਕਹਿਣਾ ਹੈ ਕਿ ਗੱਡੀ ਕਿਰਾਏ ’ਤੇ ਕੀਤੀ ਹੋਈ ਹੈ ਤੇ ਉਸ ਨੂੰ ਮਾਮਲੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ। ਜਾਂਦੇ ਵਕਤ ਦੂਜੀ ਗੱਡੀ ਵਾਲੇ ਉਸ ਦੀ ਕਾਰ ਦੀ ਚਾਬੀ ਵੀ ਆਪਣੇ ਨਾਲ ਲੈ ਗਏ ਹਨ।ਮੌਕੇ ’ਤੇ ਪੁੱਜੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।