Bhilwara road accident: ਰਾਜਸਥਾਨ: ਰਾਜਸਥਾਨ ਦੇ ਸ਼ਹਿਰ ਭੀਲਵਾੜਾ ਵਿੱਚ ਸੋਮਵਾਰ ਦੇਰ ਰਾਤੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ 9 ਵਿਅਕਤੀ ਮਾਰੇ ਗਏ ਹਨ, ਜਦਕਿ ਕਈ ਜ਼ਖ਼ਮੀ ਹਨ । ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 5 ਮਰਦ, 3 ਔਰਤਾਂ ਤੇ ਇੱਕ ਬੱਚੀ ਸ਼ਾਮਿਲ ਹਨ । ਇਹ ਹਾਦਸਾ ਭੀਲਵਾੜਾ ਜ਼ਿਲ੍ਹੇ ਵਿੱਚ ਬਿਗੋਡ ਕੋਲ ਇੱਕ ਸਰਕਾਰੀ ਬੱਸ ਤੇ ਜੀਪ ਵਿਚਾਲੇ ਟੱਕਰ ਕਾਰਨ ਵਾਪਰਿਆ । ਰੋਡਵੇਜ਼ ਬੱਸ ਕੋਟਾ ਜ਼ਿਲ੍ਹੇ ਤੋਂ ਭੀਲਵਾੜਾ ਜਾ ਰਹੀ ਸੀ । ਉੱਥੇ ਹੀ ਕਰੂਜ਼ਰ ਵਿੱਚ ਸਵਾਰ ਪਰਿਵਾਰ ਇੱਕ ਵਿਆਹ ਸਮਾਰੋਹ ਤੋਂ ਵਾਪਿਸ ਆ ਰਿਹਾ ਸੀ ।
ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਭੀਲਵਾੜਾ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਇਸ ਭਿਆਨਕ ਸੜਕ ਹਾਦਸੇ ਵਿੱਚ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਵੀ ਦੁੱਖ ਪ੍ਰਗਟਾਇਆ ਹੈ । ਮਿਲੀ ਜਾਣਕਾਰੀ ਅਨੁਸਾਰ ਜੀਪ ਵਿੱਚ ਸਵਾਰ ਪਰਿਵਾਰ ਨੇ ਕੋਟਾ ਜ਼ਿਲ੍ਹੇ ਦੀ ਰਾਮਗੰਜ ਮੰਡੀ ਜਾਣਾ ਸੀ । ਦੱਸਿਆ ਜਾ ਰਿਹਾ ਹੈ ਕਿ ਰੋਡਵੇਜ਼ ਦੇ ਡਰਾਇਵਰ ਨੇ ਬੱਸ ਨੂੰ ਲਾਪਰਵਾਹੀ ਨਾਲ ਚਲਾਉਂਦਿਆਂ ਓਵਰਟੇਕ ਕਰਨ ਦੇ ਚੱਕਰ ਵਿੱਚ ਟੱਕਰ ਮਾਰ ਦਿੱਤੀ । ਜਿਸ ਤੋਂ ਬਾਅਦ ਬੱਸ ਵੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਗਈ ।
ਇਸ ਹਾਦਸੇ ਵਿੱਚ ਜ਼ਖ਼ਮੀਆਂ ਨੂੰ ਬਿਗੋਡ ਦੇ ਉੱਪ-ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ 15 ਗੰਭੀਰ ਜ਼ਖ਼ਮੀਆਂ ਨੂੰ ਭੀਲਵਾੜਾ ਰੈਫ਼ਰ ਕਰ ਦਿੱਤਾ ਗਿਆ ਹੈ । ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਕਲੈਕਟਰ ਰਾਜਿੰਦਰ ਭੱਟ ਤੇ ਹੋਰ ਕਈ ਪੁਲਿਸ ਅਧਿਕਾਰੀ ਹਸਪਤਾਲ ਪਹੁੰਚੇ । ਇਸ ਮਾਮਲੇ ਵਿੱਚ ਜ਼ਖਮੀਆਂ ਦਾ ਕਹਿਣਾ ਹੈ ਕਿ ਉਹ ਮੱਧ ਪ੍ਰਦੇਸ਼ ਸਥਿਤ ਰਾਮਗੰਜ ਮੰਡੀ ਤਹਿਸਲ ਦੇ ਖੰਧਾਰਾ ਪਿੰਡ ਦੇ ਵਸਨੀਕ ਹਨ । ਉਨ੍ਹਾਂ ਦੱਸਿਆ ਕਿ ਉਹ ਇੱਕ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਸਨ ।