ਬਠਿੰਡਾ: ਸੋਸ਼ਲ ਮੀਡੀਆ ਕਰਕੇ ਜਾਗਰੂਕ ਹੋਏ ਵੋਟਰਾਂ ਨੇ ਲੀਡਰਾਂ ਦੀ ਸੁਰਤ ਟਿਕਾਣੇ ਲਿਆ ਦਿੱਤੀ ਹੈ। ਕੁਝ ਅਜਿਹਾ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਮੌੜ ਵਿਧਾਨ ਸਭਾ ਹਲਕੇ ਦੇ ਪਿੰਡ ਸੰਦੋਹਾ ਵਿੱਚ ਹੋਇਆ।
ਇੱਥੇ ਰਾਜਾ ਵੜਿੰਗ ਚੋਣ ਪ੍ਰਚਾਰ ਕਰਨ ਪੁੱਜੇ ਸਨ ਕਿ ਅਚਾਨਕ ਇੱਕ ਔਰਤ ਮੰਚ ‘ਤੇ ਪਹੁੰਚੀ ਤੇ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੇ। ਮੀਡੀਆ ਦੀ ਮੌਜੂਦਗੀ ਵਿੱਚ ਰਾਜਾ ਵੜਿੰਗ ਨੇ ਮਹਿਲਾ ਨੂੰ ਮਾਈਕ ਫੜਾ ਦਿੱਤਾ ਤੇ ਔਰਤ ਨੇ ਰਾਜਾ ਵੜਿੰਗ ਤੇ ਉਨ੍ਹਾਂ ਨਾਲ ਪੁੱਜੇ ਕਾਂਗਰਸੀ ਲੀਡਰਾਂ ਤੋਂ ਸਵਾਲ ਪੁੱਛੇ।
ਇਸ ਵਿੱਚ ਮੌੜ ਬੰਬ ਧਮਾਕੇ ਦੀ ਜਾਂਚ ਪੂਰੀ ਨਾ ਹੋਣ ਬਾਰੇ ਵੀ ਸਵਾਲ ਕੀਤਾ। ਸਵਾਲਾਂ ਦੇ ਢੁਕਵੇਂ ਜਵਾਬ ਨਾ ਮਿਲਣ ‘ਤੇ ਪਿੰਡ ਵਾਸੀ ਅਸੰਤੁਸ਼ਟ ਹੋ ਗਏ ਤੇ ਰੌਲਾ ਪੈ ਗਿਆ। ਇਸ ਕਾਰਨ ਰਾਜਾ ਵੜਿੰਗ ਨੂੰ ਕਾਹਲੀ ਵਿੱਚ ਆਪਣਾ ਭਾਸ਼ਣ ਖ਼ਤਮ ਕਰ ਮੰਚ ਛੱਡਣਾ ਪਿਆ। ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਤੋਂ ਲੋਕਾਂ ਨੇ ਤਿੱਖੇ ਸਵਾਲ ਕੀਤੇ ਹਨ ਤੇ ਇਸ ਦੇ ਵੀਡੀਓ ਵੀ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੇ ਹਨ।