59.59 F
New York, US
April 19, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਮਾਂ… ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ: ਵਿਨੇਸ਼ ਫੋਗਾਟ

ਪੈਰਿਸਪੈਰਿਸ ਓਲੰਪਿਕ ਦੇ 50 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਮਹਿਜ਼ 100 ਗ੍ਰਾਮ ਭਾਰ ਵੱਧ ਹੋਣ ਕਰਕੇ ਅਯੋਗ ਐਲਾਨੇ ਜਾਣ ਤੋਂ ਇਕ ਦਿਨ ਮਗਰੋਂ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਕੁਸ਼ਤੀ ਨੂੰ ਅਲਵਿਦਾ ਆਖ ਦਿੱਤੀ ਹੈ। ਵਿਨੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਖੇਡ ਤੋਂ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਉਸ ਵਿਚ ਹੋਰ ਹਿੰਮਤ ਨਹੀਂ ਬਚੀ ਹੈ।

ਆਪਣੀ ਮਾਤਾ ਪ੍ਰੇਮਲਤਾ ਨੂੰ ਸੰਬੋਧਤ ਸੁਨੇਹੇ ਵਿਚ ਵਿਨੇਸ਼ ਨੇ ਲਿਖਿਆ, ‘‘ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕ੍ਰਿਪਾ ਕਰਕੇ ਮੈਨੂੰ ਮੁਆਫ਼ ਕਰ ਦਿਓ, ਤੁਹਾਡੇ ਸੁਪਨੇ ਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਬਚੀ। ਕੁਸ਼ਤੀ 2001-2024 ਨੂੰ ਅਲਵਿਦਾ। ਮੈਂ ਤੁਹਾਡੇ ਸਾਰਿਆਂ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਨੂੰ ਮੁਆਫ਼ ਕਰ ਦਿਓ।’’ ਵਿਸ਼ਵ ਚੈਂਪੀਅਨਸ਼ਿਪਾਂ ’ਚ ਦੋ ਵਾਰ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਵਿਨੇਸ਼ ਨੇ ਬੁੱਧਵਾਰ ਨੂੰ ਓਲੰਪਿਕ ਫਾਈਨਲਜ਼ ਲਈ ਅਯੋਗ ਠਹਿਰਾਏ ਜਾਣ ਦੇ ਫੈਸਲੇ ਨੂੰ ਖੇਡਾਂ ਬਾਰੇ ਸਾਲਸੀ ਕੋਰਟ (ਸੀਏਐੱਸ) ਵਿਚ ਚੁਣੌਤੀ ਦਿੰਦਿਆਂ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਉਂਜ ਵਿਨੇਸ਼ ਨੇ ਅੱਜ ਦਿਨ ਦਾ ਬਹੁਤਾ ਸਮਾਂ ਖੇਡ ਪਿੰਡ ਵਿਚਲੇ ਪੋਲੀਕਲੀਨਿਕ ਵਿਚ ਬਿਤਾਇਆ, ਜਿੱਥੇ ਉਸ ਨੂੰ ਡੀਹਾਈਡ੍ਰੇਸ਼ਨ ਮਗਰੋਂ ਦਾਖ਼ਲ ਕਰਵਾਇਆ ਗਿਆ ਸੀ। ਕਾਬਿਲੇਗੌਰ ਹੈ ਕਿ ਓਲੰਪਿਕ ਖੇਡਾਂ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਝਗੜੇ/ਵਿਵਾਦ ਦੇ ਹੱਲ ਲਈ ਸੀਏਐੱਸ ਦੀ ਐਡਹਾਕ ਡਿਵੀਜ਼ਨ ਬਣਾਈ ਗਈ ਸੀ, ਜਿੱਥੇ ਵਿਨੇਸ਼ ਦੀ ਅਪੀਲ ’ਤੇ ਗੌਰ ਕੀਤਾ ਜਾਣਾ ਹੈ। ਉਂਜ ਵਿਨੇਸ਼ ਤੋਂ ਸੈਮੀ ਫਾਈਨਲ ਵਿਚ ਹਾਰਨ ਵਾਲੀ ਕਿਊਬਾ ਦੀ ਪਹਿਲਵਾਨ ਵਾਈ. ਗੂਜ਼ਮੈਨ ਲੋਪੇਜ਼ ਨੇ ਉਸ ਦੀ ਥਾਂ ਫਾਈਨਲ ਮੁਕਾਬਲਾ ਖੇਡਿਆ, ਪਰ ਉਹ ਅਮਰੀਕਾ ਦੀ ਸਾਰਾ ਐਨ ਹਿਲਡਰਬ੍ਰਾਂਟ ਤੋਂ ਹਾਰ ਗਈ। ਵਿਨੇਸ਼ ਨੇ ਹੁਣ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦੇਣ ਦੀ ਮੰਗ ਕੀਤੀ ਹੈ। ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਿਲਊ) ਨੇ ਹਾਲਾਂਕਿ ਸਾਫ਼ ਕਰ ਦਿੱਤਾ ਹੈ ਕਿ ਮੌਜੂਦਾ ਵੇਅ-ਇਨ (ਮੁਕਾਬਲੇ ਤੋਂ ਪਹਿਲਾਂ ਭਾਰ ਤੋਲਣ ਦੇ) ਨੇਮ ਨੂੰ ਹਾਲ ਦੀ ਘੜੀ ਨਹੀਂ ਬਦਲਿਆ ਜਾ ਸਕਦਾ। ਯੂਡਬਲਿਊਡਬਲਿਊ ਦੇ ਪ੍ਰਧਾਨ ਨੇਨਾਂਦ ਲਾਲੋਵਿਕ ਵੱਲੋਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨਾਲ ਮੁਲਾਕਾਤ ਮਗਰੋਂ ਆਲਮੀ ਜਥੇਬੰਦੀ ਨੇ ਕਿਹਾ, ‘‘ਯੂਡਬਲਿਊਡਬਲਿਊ ਤਜਵੀਜ਼ਾਂ ਤੇ ਸੁਝਾਵਾਂ ਬਾਰੇ ਢੁੱਕਵੇਂ ਮੰਚ ’ਤੇ ਵਿਚਾਰ ਕਰੇਗੀ, ਪਰ ਅਤੀਤ ਦੀਆਂ ਘਟਨਾਵਾਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ।’’ ਵਿਨੇਸ਼ ਨੇ ਮੰਗਲਵਾਰ ਰਾਤ ਨੂੰ ਫਾਈਨਲ ਵਿਚ ਪਹੁੰਚ ਕੇ ਇਤਿਹਾਸ ਸਿਰਜ ਦਿੱਤਾ ਸੀ, ਕਿਉਂਕਿ ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ। ਅਯੋਗ ਠਹਿਰਾਣੇ ਜਾਣ ਤੋਂ ਪਹਿਲਾਂ ਉਸ ਨੇ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਸੀ। ਤਿੰਨ ਵਾਰ ਦੀ ਓਲੰਪੀਅਨ ਵਿਨੇਸ਼ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗ਼ਮਾ ਜਿੱਤ ਚੁੱਕੀ ਹੈ। 

 

Related posts

ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੀ ਹੋਈ ਮੀਟਿੰਗ

On Punjab

UK New PM: : ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਹੋਵੇਗੀ ਲਿਜ਼ ਟਰਸ,ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ

On Punjab

ਕਸ਼ਮੀਰ ‘ਚ ਬਰਫਬਾਰੀ ਨਾਲ ਉੱਤਰੀ ਭਾਰਤ ਠਰਿਆ, ਇਨ੍ਹਾਂ ਤਿੰਨ ਸੂਬਿਆਂ ‘ਚ ਚੱਕਰਵਾਤ ਦਾ ਖਦਸ਼ਾ

On Punjab