ਖੋਜਕਰਤਾ ਲੰਬੇ ਸਮੇਂ ਤੋਂ ਦੱਸ ਰਹੇ ਹਨ ਕਿ ਰਾਤ ਦੀ ਬਿਹਤਰੀਨ ਨੀਂਦ ਚੰਗੀ ਸਿਹਤ ਲਈ ਜ਼ਰੂਰੀ ਹੈ। ਹਾਲਾਂਕਿ, ਬਹੁਤ ਘੱਟ ਹੀ ਅਧਿਐਨ ਇਸ ਗੱਲ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦੇ ਹਨ ਕਿ ਜ਼ਿੰਦਗੀ ਦੇ ਸ਼ੁਰੂਆਤੀ ਮਹੀਨਿਆਂ ’ਚ ਰਾਤ ਦੀ ਚੰਗੀ ਨੀਂਦ ਕਿੰਨੀ ਅਹਿਮ ਹੁੰਦੀ ਹੈ। ਬਰਮਿੰਘਮ ਐਂਡ ਵੀਮੈਨਸ ਹਾਸਪੀਟਲ, ਮੈਸਾਚੁਸੈਟਸ ਜਨਰਲ ਹਸਪਤਾਲ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੇ ਖੋਜਕਰਤਾਵਾਂ ਦੀ ਇਕ ਨਵੀਂ ਖੋਜ ’ਚ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਨਵਜੰਮੇ ਬੱਚੇ ਰਾਤ ਨੂੰ ਜ਼ਿਆਦਾ ਸੌਂਦੇ ਤੇ ਘੱਟ ਜਾਗਦੇ ਹਨ, ਉਨ੍ਹਾਂ ਨੂੰ ਬਾਲ ਅਵਸਥਾ ’ਚ ਮੋਟਾਪੇ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਖੋਜ ਸਿੱਟੇ ਦਾ ਸਲੀਪ ਨਾਂ ਦੇ ਮੈਗਜ਼ੀਨ ’ਚ ਖ਼ੁਲਾਸਾ ਕੀਤਾ ਗਿਆ ਹੈ। ਬਰਮਿੰਘਮ ਦੇ ਡਵੀਜ਼ਨ ਆਫ ਸਲੀਪ ਐਂਡ ਸਕੈਂਡੀਅਨ ਡਿਸਆਰਡਰਸ ’ਚ ਸੀਨੀਅਰ ਫਿਜ਼ੀਸ਼ੀਅਨ ਤੇ ਅਧਿਐਨ ਦੀ ਸਹਿ ਲੇਖਿਕਾ ਸੁਸਨ ਰੈੱਡਲਾਈਨ ਦੇ ਮੁਤਾਬਕ, ‘ਸਾਡੇ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਨਾ ਸਿਰਫ਼ ਰਾਤ ਨੂੰ ਨੀਂਦ ਦੀ ਕਮੀ, ਬਲਕਿ ਲੰਬੇ ਸਮੇਂ ਤਕ ਜਾਗੇ ਰਹਿਣ ਤੋਂ ਵੀ ਪਹਿਲਾਂ ਛੇ ਮਹੀਨੇ ਦੌਰਾਨ ਬੱਚਿਆਂ ’ਚ ਮੋਟਾਪੇ ਦਾ ਖ਼ਤਰਾ ਵੱਧ ਜਾਂਦਾ ਹੈ।’
ਰੈੱਡਲਾਈਨ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਾਲ 2016-18 ਤਕ ਮੈਸਾਚੁਸੈਟਸ ਜਨਰਲ ਹਸਪਤਾਲ ’ਚ ਜਨਮੇ 298 ਨਵਜੰਮਿਆਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ। ਐਂਗਲ ਐਕਟੀਗ੍ਰਾਫੀ ਵਾਚ ਦੇ ਜ਼ਰੀਏ ਨਵਜੰਮਿਆਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਗਈ। ਐਂਗਲ ਐਕਟੀਗ੍ਰਾਫੀ ਵਾਚ ਇਕ ਤਰ੍ਹਾਂ ਦਾ ਉਪਕਰਨ ਹੈ, ਜਿਸਦੇ ਜ਼ਰੀਏ ਬੱਚਿਆਂ ਦੀਆਂ ਸਰਗਰਮੀਆਂ ਤੇ ਆਰਾਮ ਦੇ ਕਈ ਦਿਨਾਂ ਦਾ ਵੇਰਵਾ ਇਕੱਠਾ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਵਿਕਾਸ ਦੀ ਸਮੀਖਿਆ ਲਈ ਵਿਗਿਆਨੀਆਂ ਨੇ ਬੱਚੇ ਦੀ ਉੱਚਾਈ ਤੇ ਵਜ਼ਨ ਦੀ ਸਮੀਖਿਆ ਕੀਤੀ ਤੇ ਇਸਦੇ ਜ਼ਰੀਏ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ (ਬੀਐੱਮਆਈ) ਤਿਆਰ ਕੀਤਾ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਗ੍ਰੋਥ ਚਾਰਟ ਦੇ 95 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਪਾਏ ਜਾਣ ’ਤੇ ਬੱਚਿਆਂ ਨੂੰ ਮੋਟਾਪੇ ਦੀ ਸ਼੍ਰੇਣੀ ’ਚ ਵਰਗੀਕ੍ਰਿਤ ਕੀਤਾ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਜੇਕਰ ਬੱਚਾ ਇਕ ਘੰਟਾ ਹੀ ਹੋਰ ਸੌਂਦਾ ਹੈ ਤਾਂ ਉਸਦੇ ਮੋਟੇ ਹੋਣ ਦਾ ਖ਼ਤਰਾ 26 ਫ਼ੀਸਦੀ ਘੱਟ ਹੋ ਜਾਂਦਾ ਹੈ ਤੇ ਜਿਹੜੇ ਬੱਚੇ ਰਾਤ ਨੂੰ ਬਹੁਤ ਘੱਟ ਜਾਗਦੇ ਹਨ ਉਨ੍ਹਾਂ ਦੇ ਮੋਟਾ ਹੋਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਪਹਿਲੂ ’ਤੇ ਸਵੈ ਰੈਗੂਲੇਸ਼ਨ ਦੀ ਵੀ ਲੋੜ ਹੈ, ਕਿਉਂਕਿ ਮੋਟਾਪੇ ਦਾ ਸਬੰਧ ਜ਼ਿਆਦਾ ਖਾਣ-ਪੀਣ ਨਾਲ ਵੀ ਹੋ ਸਕਦਾ ਹੈ।