ਆਯੁੱਧਿਆ ‘ਚ ਰਾਮ ਮੰਦਰ ਨਿਰਮਾਣ ਲਈ ਗੁਜਰਾਤ ਦੇ ਹੀਰਾ ਕਾਰੋਬਾਰੀ ਗੋਵਿੰਦ ਭਾਈ ਢੋਲਕੀਆ ਨੇ 11 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਰੇਂਦਰ ਪਟੇਲ ਤੇ ਸੂਬੇ ਦੇ ਉਪ ਪ੍ਰਧਾਨ ਝੜਫੀਆ ਨੇ ਵੀ ਪੰਜ-ਪੰਜ ਲੱਖ ਰੁਪਏ ਦਾ ਦਾਨ ਦਿੱਤਾ ਹੈ।
ਗੁਜਰਾਤ ‘ਚ ਵਿਸ਼ਵ ਹਿੰਦੂ ਪ੍ਰਰੀਸ਼ਦ ਨੇ ਰਾਮ ਮੰਦਰ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੂਰਤ ਦੇ ਹੀਰਾ ਵਪਾਰੀ ਤੇ ਰਾਮ ਕ੍ਰਿਸ਼ਨ ਡਾਇਮੰਡ ਦੇ ਮਾਲਕ ਗੋਵਿੰਦ ਭਾਈ ਢੋਲਕੀਆ ਨੇ ਭਗਵਾਨ ਸ਼੍ਰੀਰਾਮ ‘ਚ ਆਸਥਾ ਕਾਰਨ ਮੰਦਰ ਨਿਰਮਾਣ ਲਈ 11 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਉਹ ਕਈ ਵਰਿ੍ਹਆਂ ਤੋਂ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਹੋਏ ਹਨ ਤੇ 1992 ‘ਚ ਕਾਰਸੇਵਾ ‘ਚ ਵੀ ਸ਼ਾਮਲ ਹੋਏ ਸਨ। ਗੁਜਰਾਤ ਦੇ ਸਾਬਕਾ ਮੰਤਰੀ ਤੇ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਗੋਰਧਨ ਝੜਫੀਆ ਦੱਸਦੇ ਹਨ ਕਿ ਗੋਵਿੰਦ ਭਾਈ ਅਮਰੇਲੀ ਜ਼ਿਲ੍ਹੇ ਦੇ ਦੁਧਾਲਾ ਪਿੰਡ ਦੇ ਨਿਵਾਸੀ ਹਨ। ਉਹ ਇਕ ਕਿਸਾਨ ਪਰਿਵਾਰ ਤੋਂ ਆਉਂਦੇ ਹਨ ਤੇ 1970 ਤੋਂ ਪਹਿਲਾਂ ਸੂਰਤ ਜਾ ਕੇ ਉਨ੍ਹਾਂ ਨੇ ਇਕ ਹੀਰਾ ਕਾਰੀਗਰ ਵਜੋਂ ਕੰਮ ਸ਼ੁਰੂ ਕੀਤਾ। ਪੰਜ ਸਾਲ ਤਕ ਡਾਇਮੰਡ ਫੈਕਟਰੀ ‘ਚ ਕਿਰਤੀ ਵਜੋਂ ਕੰਮ ਕਰਨ ਤੋਂ ਬਾਅਦ ਉਹ ਖੁਦ ਹੀਰਾ ਪਾਲਿਸ਼ ਕਰਨ ਤੇ ਖ਼ਰੀਦੋ-ਫਰੋਖ਼ਤ ਦਾ ਕੰਮ ਕਰਨ ਲੱਗੇ। ਆਪਣੇ ਕੁਝ ਦੋਸਤਾਂ ਨਾਲ ਰਲ ਕੇ ਰਾਮਕ੍ਰਿਸ਼ਨ ਡਾਇਮੰਡ ਦੇ ਨਾਂ ਨਾਲ ਹੀਰਾ ਕਾਰੋਬਾਰ ਸ਼ੁਰੂ ਕੀਤਾ ਤੇ ਫਿਰ ਕਦੇ ਪਿੱਛੇ ਮੁੜ ਨਹੀਂ ਦੇਖਿਆ। ਉਨ੍ਹਾਂ ਤੋਂ ਇਲਾਵਾ ਸੂਰਤ ਦੇ ਹੀ ਉੱਦਮੀ ਮਹੇਸ਼ ਕਬੂਤਰ ਵਾਲਾ ਨੇ ਪੰਜ ਕਰੋੜ ਤੇ ਮੰਨੇ-ਪ੍ਰਮੰਨੇ ਉਦਯੋਗਪਤੀ ਤੇ ਸਮਾਜਿਕ ਵਰਕਰ ਲਵਜੀ ਬਾਦਸ਼ਾਹ ਨੇ ਵੀ ਇਕ ਕਰੋੜ ਰੁਪਏ ਰਾਮ ਮੰਦਰ ਨਿਰਮਾਣ ਲਈ ਦਿੱਤੇ ਹਨ।