ਸ਼੍ਰੀਲੰਕਾ ਨੇ ਰਾਵਣ ਬਾਰੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਸ਼੍ਰੀਲੰਕਾ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਪਹਿਲੀ ਵਾਰ ਜਹਾਜ਼ ਦੀ ਵਰਤੋਂ ਕੀਤੀ ਸੀ। ਹਾਲ ਹੀ ਵਿੱਚ ਸ਼੍ਰੀਲੰਕਾ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿੱਚ ਲੋਕਾਂ ਨੂੰ ਰਾਵਣ ਨਾਲ ਸਬੰਧਤ ਦਸਤਾਵੇਜ਼ ਸਾਂਝੇ ਕਰਨ ਲਈ ਕਿਹਾ ਗਿਆ ਹੈ।
ਸ੍ਰੀਲੰਕਾ ਦੀ ਸਰਕਾਰ ਨੇ ਇਸ਼ਤਿਹਾਰ ‘ਚ ਕਿਹਾ ਹੈ ਕਿ ਅਸੀਂ ਰਾਵਣ ਨਾਲ ਜੁੜੇ ਦਾਅਵਿਆਂ ਦੀ ਡੂੰਘਾਈ ਨਾਲ ਖੋਜ ਕਰਨਾ ਚਾਹੁੰਦੇ ਹਾਂ ਤੇ ਸਾਰਿਆਂ ਨੂੰ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਰਾਵਣ ਨੇ ਦੁਨੀਆ ਦੇ ਪਹਿਲੇ ਜਹਾਜ਼ ‘ਤੇ ਉਡਾਣ ਭਰੀ ਸੀ।
ਸਾਲ 2016 ਵਿੱਚ ਕੋਲੰਬੋ ਵਿੱਚ ਕਰਵਾਈ ਨਾਗਰਿਕ ਹਵਾਬਾਜ਼ੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਹਵਾਬਾਜ਼ੀ ਮੰਤਰੀ ਨਿਰਮਲਾ ਸਿਰੀਪਾਲਾ ਨੇ ਕਿਹਾ ਕਿ ਭਾਵੇਂ ਆਧੁਨਿਕ ਹਵਾਬਾਜ਼ੀ ਦਾ ਇਤਿਹਾਸ ਰਾਈਟ ਬ੍ਰਦਰਜ਼ ਤੋਂ ਆਰੰਭ ਹੋਇਆ ਸੀ, ਪਰ ਰਾਵਣ ਸ੍ਰੀਲੰਕਾ ਦਾ ਬਹਾਦਰ ਰਾਜਾ ਸੀ, ਜੋ ਦਾਂਦੂ ਮੋਨਾਰਾ ਨਾਮ ਦਾ ਜਹਾਜ਼ ਉਡਾਉਂਦਾ ਸੀ।
ਸ਼੍ਰੀਲੰਕਾ ਦੀ ਸਿਵਲ ਹਵਾਬਾਜ਼ੀ ਅਥਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼ਸ਼ੀ ਦਾਨੁਤੰਜ ਨੇ ਕਿਹਾ ਕਿ ਦੁਨੀਆ ਦਾ ਪਹਿਲਾ ਜਹਾਜ਼ ਰਾਵਣ ਨੇ ਉਡਾਇਆ ਸੀ, ਸਾਡੇ ਕੋਲ ਇਸ ਨੂੰ ਸਾਬਤ ਕਰਨ ਲਈ ਬਹੁਤ ਸਾਰੇ ਤੱਥ ਹਨ। ਅਸੀਂ ਅਗਲੇ ਪੰਜ ਸਾਲ ‘ਚ ਇਸ ਗੱਲ ਨੂੰ ਸਾਬਤ ਕਰ ਦਵਾਂਗੇ।