ਬ੍ਰਾਜ਼ੀਲ ਵਿਚ 8 ਜਨਵਰੀ ਨੂੰ ਸਰਕਾਰੀ ਭਵਨਾਂ ਵਿਚ ਭੰਨਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਵਿਚ ਅਸਫਲ ਰਹਿਣ ਲਈ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਵਿਚ ਲੱਗੇ 40 ਫ਼ੌਜੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਫ਼ੌਜ ਵਿਚ ਅਵਿਸ਼ਵਾਸ ਪ੍ਰਗਟ ਕਰਦੇ ਹੋਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸਿਓ ਲੂਲਾ ਡਿਸਲਵਾ ਨੇ ਮੰਗਲਵਾਰ ਨੂੰ ਇਹ ਕਾਰਵਾਈ ਕੀਤੀ।
ਦਿ ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਦੇ ਮੁਤਾਬਕ, ਰਾਸ਼ਟਰਪਤੀ ਦੇ ਫ਼ੈਸਲੇ ਨੂੰ ਸਰਕਾਰ ਦੇ ਰਾਜਪੱਤਰ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਬ੍ਰਾਜ਼ੀਲ ਦੇ ਇਸਤਗਾਸਾ ਜਨਰਲ ਨੇ 39 ਲੋਕਾਂ ’ਤੇ ਦੋਸ਼ ਲਗਾਇਆ ਸੀ, ਜੋ ਉਨ੍ਹਾਂ ਹਜ਼ਾਰਾਂ ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਅੱਠ ਜਨਵਰੀ ਨੂੰ ਸੰਸਦ ਭਵਨ, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ’ਤੇ ਧਾਵਾ ਬੋਲ ਦਿੱਤਾ ਸੀ। ਪਿਛਲੇ ਹਫ਼ਤੇ ਰਾਸ਼ਟਰਪਤੀ ਲੂਲਾ ਨੇ ਕਿਹਾ ਸੀ ਕਿ ਸੁਰੱਖਿਆ ਬਲਾਂ ਦੇ ਮੈਂਬਰਾਂ ਨੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਦੇ ਸਮਰਥਕਾਂ ਦੀ ਭੀੜ ਨੂੰ ਰਾਜਧਾਨੀ ਬ੍ਰਾਜ਼ੀਲੀਆ ਵਿਚ ਮੁੱਖ ਸਰਕਾਰੀ ਇਮਾਰਤਾਂ ’ਤੇ ਧਾਵਾ ਬੋਲਣ ਦਿੱਤਾ। ਰਾਸ਼ਟਰਪਤੀ ਭਵਨ ਦੀ ਰਖਵਾਲੀ ਕਰਨ ਵਾਲੇ ਜ਼ਿਆਦਾਤਰ ਫ਼ੌਜੀ ਹਨ ਪਰ ਕੁਝ ਨੇਵੀ ਤੇ ਹਵਾਈ ਫ਼ੌਜ ਵਿਚੋਂ ਵੀ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਜਾਇਰ ਬੋਲਸੋਨਾਰੋ ਨੇ ਖੱਬੇਪੱਖੀ ਨੇਤਾ ਲੂਲਾ ਤੋਂ ਹਾਰ ਤੋਂ ਬਾਅਦ ਨਤੀਜੇ ਨੂੰ ਸਾਫਟਵੇਅਰ ’ਚ ਤਕਨੀਕੀ ਖ਼ਰਾਬੀ ਦੱਸਦੇ ਹੋਏ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਲੰਘੀ ਅੱਠ ਜਨਵਰੀ ਨੂੰ ਹਿੰਸਕ ਹੋ ਗਏ ਅਤੇ ਉਨ੍ਹਾਂ ਲੋਕਤੰਤਰ ਨੂੰ ਤਾਰ-ਤਾਰ ਕਰ ਦਿੱਤਾ।