ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਂਦੇਡ਼ ਸਾਹਿਬ ਦੇ ਇਕ ਗੁਰਦੁਆਰੇ ’ਚ ਸਮਾਨਿਤ ਕੀਤੇ ਜਾਣ ਦੌਰਾਨ ਗਾਤਰੇ ਵਾਲੀ ਸ੍ਰੀ ਸਾਹਿਬ ਦਿੱਤੇ ਜਾਣ ’ਤੇ ਵਿਵਾਦ ਛਿਡ਼ ਗਿਆ ਹੈ। ਹਾਲਾਂਕਿ ਉਨ੍ਹਾਂ ਦਾ ਇਹ ਸਨਮਾਨ ਹਜ਼ੂਰ ਸਾਹਿਬ ਦੀ ਚੱਲਦੀ ਆ ਰਹੀ ਰਵਾਇਤ ਮੁਤਾਬਕ ਕੀਤਾ ਗਿਆ ਹੈ ਪਰ ਫਿਰ ਵੀ ਇਸ ’ਤੇ ਕੁਝ ਸਿੱਖ ਆਗੂਆਂ ਨੇ ਇਤਰਾਜ਼ ਪ੍ਰਗਟਾਇਆ ਹੈ।
ਭਾਰਤ ਜੋਡ਼ੋ ਯਾਤਰਾ ’ਤੇ ਨਿਕਲੇ ਰਾਹੁਲ ਗਾਂਧੀ ਸੋਮਵਾਰ ਰਾਤ ਤੇਲੰਗਾਨਾ ਤੋਂ ਮਹਾਰਾਸ਼ਟਰ ’ਚ ਦਾਖ਼ਲ ਹੋਏ ਸਨ। ਇੱਥੇ ਰਾਤ ਠਹਿਰਣ ਤੋਂ ਬਾਅਦ ਮੰਗਲਵਾਰ ਸਵੇਰੇ ਯਾਤਰਾ ਮੁਡ਼ ਸ਼ੁਰੂ ਕਰਨ ਤੋਂ ਪਹਿਲਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਯਾਦਗਾਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੇ ਦਰਸ਼ਨ ਕਰਨ ਪੁੱਜੇ। ਇੱਥੇ ਉਨ੍ਹਾਂ ਦੇਸ਼ ’ਚ ਸਦਭਾਵਨਾ ਤੇ ਸਮਾਨਤਾ ਲਈ ਅਰਦਾਸ ਕੀਤੀ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ। ਇਸ ਦੌਰਾਨ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਰਾਹੁਲ ਗਾਂਧੀ ਨੂੰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇਡ਼ ਦੀ ਰਵਾਇਤ ਅਨੁਸਾਰ ਸਨਮਾਨਿਤ ਕੀਤਾ। ਕਾਰਸੇਵਾ ਤੇ ਲੰਗਰ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਚੋਲਾ, ਸਿਰੋਪਾਓ, ਲੋਈ, ਦਸਤਾਰ ਤਾਂ ਭੇਟ ਕੀਤੀ ਹੀ ਨਾਲ ਹੀ ਗਾਤਰੇ ਦੇ ਰੂਪ ’ਚ ਵੱਡੀ ਸ੍ਰੀ ਸਾਹਿਬ ਵੀ ਭੇਟ ਕੀਤੀ। ਦਸਤਾਰ ਸਜਾਈ, ਚੋਲਾ ਪਾਈ ਤੇ ਕਿਰਪਾਨ ਧਾਰਨ ਕਰੀ ਰਾਹੁਲ ਗਾਂਧੀ ਦੀ ਤਸਵੀਰ ਵੀ ਜਾਰੀ ਹੋਈ ਹੈ। ਇਸੇ ’ਤੇ ਵਿਵਾਦ ਛਿਡ਼ ਗਿਆ ਹੈ।
ਕੁਝ ਸਿੱਖ ਆਗੂਆਂ ਤੇ ਜਥੇਬੰਦੀਆਂ ਨੇ ਰਾਹੁਲ ਗਾਂਧੀ ਨੂੰ ਗਾਤਰੇ ਵਾਲੀ ਸ੍ਰੀ ਸਾਹਿਬ ਦੇਣ ’ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਾਤਰਾ ਸਿਰਫ਼ ਅੰਮ੍ਰਿਤਧਾਰੀ ਸਿੱਖ ਹੀ ਧਾਰਨ ਕਰ ਸਕਦਾ ਹੈ। ਰਾਹੁਲ ਗਾਂਧੀ ਨਾ ਤਾਂ ਸਿੱਖ ਹਨ ਤੇ ਨਾ ਹੀ ਅੰਮ੍ਰਿਤਧਾਰੀ ਇਸ ਲਈ ਗਾਤਰੇ ਵਾਲੀ ਸ੍ਰੀ ਸਾਹਿਬ ਨਹੀਂ ਧਾਰਨ ਕਰ ਸਕਦੇ। ਇਹ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ।
ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਸਨਮਾਨਿਤ ਕਰਨ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਰਵਾਇਤ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਆਉਣ ਵਾਲੀਆਂ ਪ੍ਰਮੁੱਖ ਧਾਰਮਿਕ, ਸਮਾਜਿਕ ਤੇ ਸਿਆਸੀ ਸ਼ਖਸੀਅਤਾਂ ਨੂੰ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਸਨਮਾਨ ਹਾਸਲ ਕਰਨ ਵਾਲਾ ਵਿਅਕਤੀ ਸਿੱਖ ਜਾਂ ਗ਼ੈਰ ਸਿੱਖ ਕੋਈ ਵੀ ਹੋ ਸਕਦਾ ਹੈ। ਤਖ਼ਤ ਸਾਹਿਬ ਤੋਂ ਬਾਹਰ ਦੇ ਗੁਰਦੁਆਰਿਆਂ ’ਚ ਵੀ ਇਸੇ ਰਵਾਇਤ ਮੁਤਾਬਕ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ, ਸੂਬੇ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਤੇ ਸੂਬਾਈ ਮੰਤਰੀਆਂ ਨੂੰ ਇਸੇ ਤਰੀਕੇ ਨਾਲ ਸਨਮਾਨ ਮਿਲਦਾ ਰਿਹਾ ਹੈ। ਰਾਹੁਲ ਗਾਂਧੀ ਆਪਣੀ ਯਾਤਰਾ ਦੌਰਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।