ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੇਸ਼ ਦਾ ਧਿਆਨ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਦੇ ਕਰਮਚਾਰੀਆਂ, ਹੋਮ ਗਾਰਡਾਂ ਦੇ ਮੁੱਦੇ ਵੱਲ ਖਿੱਚਣ ਦੀ ਕੋਸ਼ਿਸ ਕੀਤੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਸੋਮਵਾਰ ਨੂੰ ‘ਐਕਸ’ ‘ਤੇ ਨੌਕਰੀ ਦੀ ਅਸੁਰੱਖਿਆ ਅਤੇ ਆਰਥਿਕ ਤੰਗੀਆਂ ਬਾਰੇ ਮੁੱਦਾ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਕੋਈ ਸਮਾਜਿਕ ਸੁਰੱਖਿਆ ਨਹੀਂ, ਕੋਈ ਸਥਿਰ ਆਮਦਨ ਨਹੀਂ ਅਤੇ ਕੋਈ ਸਥਾਈ ਨੌਕਰੀ ਨਹੀਂ, ਠੇਕੇ ’ਤੇ ਮਜ਼ਦੂਰੀ ਨੇ ਇੱਕ ਵੱਡੀ ਜ਼ਿੰਮੇਵਾਰੀ ਵਾਲੀ ਨੌਕਰੀ ਨੂੰ ਮਜਬੂਰੀ ਦੀ ਸਥਿਤੀ ਵਿੱਚ ਬਦਲ ਦਿੱਤਾ ਹੈ ।
ਰਾਹੁਲ ਗਾਂਧੀ ਵੱਲੋਂ ਡੀਟੀਸੀ ਬੱਸ ਦੀ ਸਵਾਰੀ ਕਰਨ ਤੋਂ ਕੁਝ ਦਿਨ ਬਾਅਦ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬੱਸ ਸਫ਼ਰ ਦੌਰਾਨ ਉਨ੍ਹਾਂ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨਾਲ ਗੱਲਬਾਤ ਕੀਤੀ ਸੀ । ਰਾਹੁਲ ਗਾਂਧੀ ਨੇ ‘ਐਕਸ’ ’ਤੇ ਲਿਖਿਆ ਕਿ ਜਿੱਥੇ ਡਰਾਈਵਰ ਅਤੇ ਕੰਡਕਟਰ ਅਨਿਸ਼ਚਿਤਤਾ ਦੇ ਹਨੇਰੇ ਵਿਚ ਰਹਿਣ ਲਈ ਮਜ਼ਬੂਰ ਹਨ, ਉੱਥੇ ਹੀ ਯਾਤਰੀਆਂ ਦੀ ਸੁਰੱਖਿਆ ਲਈ ਲਗਾਤਾਰ ਤਾਇਨਾਤ ਹੋਮ ਗਾਰਡਜ਼ ਪਿਛਲੇ 6 ਮਹੀਨਿਆਂ ਤੋਂ ਬਿਨਾਂ ਤਨਖ਼ਾਹ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਡੀਟੀਸੀ ਕਰਮਚਾਰੀ ਦੇਸ਼ ਭਰ ਦੇ ਹੋਰ ਸਰਕਾਰੀ ਕਰਮਚਾਰੀਆਂ ਵਾਂਗ ਹਨ, ਪਰ ਉਹ ਲਗਾਤਾਰ ਨਿੱਜੀਕਰਨ ਦੇ ਡਰ ਹੇਠਾਂ ਜੀਅ ਰਹੇ ਹਨ। ਇਹ ਉਹ ਲੋਕ ਹਨ ਜੋ ਭਾਰਤ ਨੂੰ ਚਲਾਉਂਦੇ ਹਨ, ਜੋ ਹਰ ਰੋਜ਼ ਲੱਖਾਂ ਯਾਤਰੀਆਂ ਨੂੰ ਯਾਤਰਾ ਦੀ ਸਹੂਲਤ ਦਿੰਦੇ ਹਨ, ਪਰ ਉਨ੍ਹਾਂ ਨੂੰ ਆਪਣੇ ਸਮਰਪਣ ਦੇ ਬਦਲੇ ਜੋ ਕੁਝ ਮਿਲਿਆ ਹੈ ਉਹ ਬੇਇਨਸਾਫ਼ੀ ਹੈ।