Rahul Gandhi raised issue : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਬੈਂਕ ਡਿਫਾਲਟਰਾਂ ਦਾ ਮੁੱਦਾ ਚੁੱਕਿਆ ਹੈ। ਜਿਵੇਂ ਹੀ ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰਾਂ ਨੇ ਯੈੱਸ ਬੈਂਕ ਮਾਮਲੇ ‘ਚ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸਰਕਾਰ ਤੋਂ ਪੁੱਛਿਆ ਕਿ ਦੇਸ਼ ਦੇ 50 ਚੋਟੀ ਦੇ ਵਿਲਫੁੱਲ ਬੈਂਕ ਡਿਫਾਲਟਰ ਕੌਣ ਹਨ? ਇਸ ਤੋਂ ਬਾਅਦ ਸਦਨ ‘ਚ ਫਿਰ ਤੋਂ ਹੰਗਾਮਾ ਹੋ ਗਿਆ।
ਰਾਹੁਲ ਗਾਂਧੀ ਦੇ ਇਸ ਸਵਾਲ ਦਾ ਜਵਾਬ ਦੇਣ ਲਈ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਈ ਅੰਕੜੇ ਗਿਣਾਏ। ਠਾਕੁਰ ਨੇ ਕਿਹਾ ਕਿ ਵਿਲਫੁੱਲ ਡਿਫਾਲਟਰਾਂ ਦੇ ਨਾਮ ਵੈਬਸਾਈਟ ‘ਤੇ ਮਿੱਲ ਜਾਣਗੇ, ਇਸ ‘ਚ ਲੁਕਾਉਣ ਲਈ ਕੁਝ ਵੀ ਨਹੀਂ ਹੈ। ਅਨੁਰਾਗ ਠਾਕੁਰ ਨੇ ਕਿਹਾ 50 ਡਿਫਾਲਟਰਾਂ ਦੀ ਸੂਚੀ ਵੈਬਸਾਈਟ ‘ਤੇ ਹੈ। 25 ਲੱਖ ਤੋਂ ਵੱਧ ਵਾਲੇ ਡਿਫਾਲਟਰਾਂ ਦੇ ਨਾਮ ਵੈਬਸਾਈਟ ‘ਤੇ ਪਾਏ ਗਏ ਹਨ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਪਾਪ ਦੂਜਿਆਂ ਦੇ ਸਿਰ ਪਾਉਣਾ ਚਾਹੁੰਦੇ ਹਨ। ਮੈਂ ਸਾਰੇ ਡਿਫਾਲਟਰਾਂ ਦੇ ਨਾਮ ਪੜ੍ਹਨ ਤੇ ਉਨ੍ਹਾਂ ਨੂੰ ਸਦਨ ਦੀ ਮੇਜ਼ ‘ਤੇ ਰੱਖਣ ਲਈ ਤਿਆਰ ਹਾਂ। ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਸਰਕਾਰ ‘ਚ ਲੋਕ ਪੈਸੇ ਲੈ ਕੇ ਵਿਦੇਸ਼ ਭੱਜ ਗਏ। ਸਾਡੀ ਸਰਕਾਰ ਭਗੌੜੇ ਲੋਕਾਂ ‘ਤੇ ਕਾਰਵਾਈ ਕਰ ਰਹੀ ਹੈ। ਸਾਡੀ ਸਰਕਾਰ ਨੇ ਚਾਰ ਲੱਖ 31 ਹਜ਼ਾਰ ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਸਾਡੀ ਸਰਕਾਰ ਭਗੌੜਾ ਆਰਥਿਕ ਅਪਰਾਧੀ ਬਿੱਲ ਲੈ ਕੇ ਆਈ ਹੈ। ਰਾਹੁਲ ‘ਤੇ ਨਿਸ਼ਾਨਾ ਲਾਉਂਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਸਦਨ ‘ਚ ਅਜਿਹਾ ਸਵਾਲ ਦਰਸਾਉਂਦਾ ਹੈ ਕਿ ਸਬੰਧਤ ਸੰਸਦ ਮੈਂਬਰ ਨੂੰ ਇਸ ਵਿਸ਼ੇ’ ਤੇ ਕਿੰਨੀ ਸਮਝ ਹੈ।
ਅਨੁਰਾਗ ਠਾਕੁਰ ਨੇ ਯਸ ਬੈਂਕ ਸੰਕਟ ‘ਤੇ ਕਿਹਾ ਕਿ ਇਸ ਬੈਂਕ ਦੀ ਹਰ ਜਮ੍ਹਾਂ ਰਾਸ਼ੀ ਸੁਰੱਖਿਅਤ ਹੈ। ਯਸ ਬੈਂਕ ਦੇ ਪੁਨਰਗਠਨ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਸਦਨ ‘ਚ ਪ੍ਰਸ਼ਨ ਪੁੱਛਣ ਦਾ ਅਧਿਕਾਰ ਹੈ, ਪਰ ਸਰਕਾਰ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ। ਸਰਕਾਰ ਮੁੱਦਿਆਂ ਤੋਂ ਪਿੱਛੇ ਹਟ ਰਹੀ ਹੈ।