IPL ਦੇ ਇਤਿਹਾਸ ‘ਚ ਮੁੰਬਈ ਇੰਡੀਅਨਸ ਨੇ ਚਾਰ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਰੋਹਿਤ ਸ਼ਰਮਾ ਨੇ ਕਪਤਾਨ ਦੇ ਤੌਰ ‘ਤੇ ਆਪਣੀ ਕਾਮਯਾਬੀ ਦਾ ਸਿਹਰਾ ਵਿਸ਼ਵ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨਾਂ ‘ਚੋਂ ਇਕ ਰਿਕੀ ਪੌਂਟਿੰਗ ਨੂੰ ਦਿੱਤਾ ਹੈ। ਰੋਹਿਤ ਨੇ ਦੱਸਿਆ ਕਿ ਉਨ੍ਹਾਂ ਰਿਕੀ ਪੌਂਟਿੰਗ ਤੋਂ ਸਿੱਖਿਆ ਹੈ ਕਿ ਕਿਵੇਂ ਟੀਮ ‘ਚ ਸਾਰੇ ਖਿਡਾਰੀਆਂ ਨੂੰ ਮਹੱਤਵਪੂਰਨ ਮਹਿਸੂਸ ਕਰਵਾਇਆ ਜਾਂਦਾ ਹੈ।
ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਪੌਂਟਿੰਗ ਤੋਂ ਸਿੱਖੀ ਇਹ ਆਦਤ ਮੁੰਬਈ ਇੰਡੀਅਨਸ ਦੇ ਨਾਲ ਉਨ੍ਹਾਂ ਦੀ ਸਫਲਤਾ ‘ਚ ਵੱਡੀ ਭੂਮਿਕਾ ਨਿਭਾਉਂਦੀ ਰਹੀ ਹੈ। ਉਨ੍ਹਾਂ ਕਿਹਾ ‘ਮੈਂ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਕਿ ਸਾਰੇ ਖਿਡਾਰੀਆਂ ਤੋਂ ਛੋਟੇ ਤੋਂ ਛੋਟਾ ਯੋਗਦਾਨ ਕਿਵੇਂ ਲਿਆ ਜਾ ਸਕਦਾ ਹੈ, ਮੇਰਾ ਪ੍ਰਦਰਸ਼ਨ ਵੀ ਮਹੱਤਵਪੂਰਰਨ ਹੈ।’
ਰੋਹਿਤ ਮੈਚ ਖੇਡ ਰਹੇ ਕ੍ਰਿਕਟਰਸ ਤੋਂ ਇਲਾਵਾ ਬੈਂਚ ‘ਤੇ ਬੈਠੇ ਖਿਡਾਰੀਆਂ ਨਾਲ ਵੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ‘ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਮੇਰੇ ਨਾਲ ਜੋ 10 ਲੋਕ ਖੇਡ ਰਹੇ ਹਨ ਅਤੇ ਜੋ ਬਾਕੀ ਬੈਂਚ ‘ਤੇ ਬੈਠੇ ਹਨ, ਮੈਂ ਉਨ੍ਹਾਂ ਨਾਲ ਗੱਲ ਕਰਾਂ। ਮੈਂ ਰਿਕੀ ਪੌਂਟਿੰਗ ਤੋਂ ਸਿੱਖਿਆ ਕਿ ਉਨ੍ਹਾਂ ਨੂੰ ਵੀ ਅਹਿਮ ਮਹਿਸੂਸ ਕਰਾਉਣਾ ਚਾਹੀਦਾ ਹੈ।’
ਪੌਂਟਿੰਗ ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਦੇ ਖਿਡਾਰੀ ‘ਤੇ ਕੋਚ ਰਹਿ ਚੁੱਕੇ ਹਨ। ਰੋਹਿਤ ਨੇ ਦੱਸਿਆ, ਪੌਂਟਿੰਗ ਨੇ ਮੈਨੂੰ ਕਿਹਾ ਸੀ ਜਦੋਂ ਤੁਸੀਂ ਕਪਤਾਨੀ ਕਰਦੇ ਹੋ ਤਾਂ ਤੁਸੀਂ ਸਿਰਫ਼ ਇਹ ਨਹੀਂ ਸੋਚ ਸਕਦੇ ਕਿ ਤੁਸੀਂ ਉਨ੍ਹਾਂ ਤੋਂ ਕਿਵੇਂ ਕੰਮ ਲਓਗੇ। ਤਹਾਨੂੰ ਹਮੇਸ਼ਾ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਹੋਣਗੀਆਂ।’ ਉਨ੍ਹਾਂ ਕਿਹਾ ਪੌਂਟਿੰਗ ਜਦੋਂ ਮੁੰਬਈ ਇੰਡੀਅਨਸ ਦਾ ਹਿੱਸਾ ਸਨ ਤਾਂ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ।