ਵਾਸ਼ਿੰਗਟਨ: ਰਿਪਬਲੀਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੇ ਮਾਈਕ ਪੈਂਸ ਨੂੰ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ 3 ਨਵੰਬਰ ਨੂੰ ਹੋਣੀ ਹੈ।
ਰਿਪਬਲੀਕਨ ਨੈਸ਼ਨਲ ਕਮੇਟੀ ਦੇ ਚੇਅਰਮੈਨ ਰੋਨਾ ਮੈਕਡੈਨੀਅਲ ਨੇ ਟਵੀਟ ਕੀਤਾ, “ਹੁਣ ਤੋਂ 70 ਦਿਨਾਂ ਬਾਅਦ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵਿਸ਼ਵਾਸ ਨਾਲ ਅਸੀਂ ਫਿਰ ਤੋਂ ਅੱਗੇ ਵਧ ਰਹੇ ਹਾਂ।”ਦੱਸ ਦਈਏ ਕਿ ਚਾਰ ਦਿਨ ਚੱਲਣ ਵਾਲੇ ਰਿਪਬਲੀਕਨ ਨੈਸ਼ਨਲ ਕਨਵੈਨਸ਼ਨ ਵਿੱਚ ਡੋਨਾਲਡ ਟਰੰਪ ਤੇ ਮਾਈਕ ਪੈਂਸ ਦੀ ਉਮੀਦਵਾਰੀ ‘ਤੇ ਮੋਹਰ ਲੱਗੀ ਹੈ।
ਰਾਸ਼ਟਰਪਤੀ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਆਪਣਾ ਭਾਸ਼ਣ ਦੇਣਗੇ:
ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਰਾਤ ਨੂੰ ਵ੍ਹਾਈਟ ਹਾਊਸ ਦੇ ਲੌਨ ‘ਚ ਆਪਣਾ ਭਾਸ਼ਣ ਦੇਣਗੇ। ਜਦਕਿ ਚੋਣ ਮੁਹਿੰਮ ਦੇ ਹਿੱਸੇ ਵਜੋਂ ਸੰਘੀ ਜਾਇਦਾਦ ਵਰਤਣ ਦੇ ਉਸ ਦੇ ਫੈਸਲੇ ਦੀ ਸਖ਼ਤ ਅਲੋਚਨਾ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਸੰਮੇਲਨ ਦੀ ਫਸਟ ਲੇਡੀ ਮੇਲਾਨੀਆ ਟਰੰਪ ਮੰਗਲਵਾਰ ਦੀ ਰਾਤ ਨੂੰ ਵ੍ਹਾਈਟ ਹਾਊਸ ਵਿਖੇ ਹਾਲ ਹੀ ਵਿੱਚ ਰੈਨੋਵੇਟ ਕੀਤੇ ਗਏ ਰੋਜ਼ ਗਾਰਡਨ ਤੋਂ ਭਾਸ਼ਣ ਦੇਵੇਗੀ, ਜਦੋਂਕਿ ਪੈਂਸ ਬੁੱਧਵਾਰ ਰਾਤ ਨੂੰ ਮੈਰੀਲੈਂਡ ਦੇ ਬਾਲਟੀਮੋਰ ਵਿੱਚ ਫੋਰਟ ਮੈਕਹੈਰੀ ਤੋਂ ਆਪਣਾ ਸਵੀਕਾਰਨ ਭਾਸ਼ਣ ਦੇਣਗੇ।