ਮਿੰਟੂ ਖੁਰਮੀ ਹਿੰਮਤਪੁਰਾ
ਮੋ:- 098885 15785
ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਗਾਇਕੀ ਨਾਲ ਮਿਲੀ ਪ੍ਰਸਿੱਧੀ ਥੋੜ੍ਹੇ ਸਮੇਂ ਵਾਸਤੇ ਹੀ ਹੁੰਦੀ ਹੈ। ਪਰ ਮਿਆਰੀ ਗੀਤ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਨੰਗ ਮਲੰਗੇ ਗੀਤ ਕਦੋਂ ਆਏ ਕਦੋਂ ਚਲੇ ਗਏ ਪਤਾ ਨਹੀਂ ਚਲਦਾ, ਪਰ ਪਰਿਵਾਰਿਕ ਗੀਤ ਹਮੇਸ਼ਾ ਕਿਸੇ ਵਿਸ਼ੇਸ਼ ਖਿੱਤੇ ਦੀ ਧਰੋਹਰ ਬਣੇ ਰਹਿੰਦੇ ਹਨ। ਅਜਿਹੇ ਹੀ ਗੀਤਾਂ ਦੇ ਬੋਲਾਂ ਨੂੰ ਆਪਣੇ ਮੁਖਾਰਬਿੰਦ ‘ਚੋਂ ਗਾਉਣਾ ਲੋਚਦੈ ਮੋਗਾ ਜਿਲ੍ਹੇ ਦੇ ਨਿੱਕੇ ਜਿਹੇ ਪਿੰਡ ਭਾਗੀਕੇ ਦਾ ਜੰਮਪਲ ਪਰ ਵੱਡੀ ਉਡਾਰੀ ਦੀ ਤਾਂਘ ਪਾਲੀ ਬੈਠਾ ਗਾਇਕ ਜਸਟਿਨ ਸਿੱਧੂ। ਰਿਸ਼ਤਿਆਂ ਦੀ ਪਾਕੀਜ਼ਗੀ, ਲੱਜ ਪਾਲਣ ਦੇ ਸੁਪਨੇ ਉਸਦੇ ਗਾਇਕੀ ਖੇਤਰ ‘ਚ ਕਦੇ ਵੀ ਰੁਕਾਵਟ ਨਹੀਂ ਬਣੇ। ਇਹੀ ਵਜ੍ਹਾ ਹੈ ਕਿ ਥੋੜ੍ਹਾ ਪਰ ਮਿਆਰੀ ਗਾਉਣ ਕਰਕੇ ਅੱਜ ਕੱਲ੍ਹ ਖੂਬ ਵਾਹ ਵਾਹ ਬਟੋਰ ਰਿਹਾ ਹੈ। ਮਰਹੂਮ ਗਾਇਕ ਧਰਮਪ੍ਰੀਤ ਨਾਲ ਛੋਟੇ ਭਰਾ ਵਾਂਗ ਵਿਚਰਦਿਆਂ ਉਸਨੇ ਸਟੇਜ਼ ਦੀਆਂ ਬਰੀਕੀਆਂ ਸਿੱਖੀਆਂ। ਬਚਪਨ ਤੋਂ ਹੀ ਮਰਹੂਮ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗੀਤਾਂ ਨਾਲ ਕੀਲੇ ਜਾਣ ਵਾਲੇ ਮਾਪਿਆਂ ਦੇ ਕੁਲਦੀਪ ਪੁੱਤ ਨੇ ਸਕੂਲੀ ਸਮਾਗਮਾਂ ਦੇ ਨਾਲ ਨਾਲ ਸ਼ਾਇਦ ਹੀ ਕੋਈ ਅਜਿਹਾ ਮੰਚ ਹੋਵੇਗਾ, ਜਿੱਥੇ ਜਨਾਬ ਮਾਣਕ ਦੇ ਗੀਤਾਂ ਦੀ ਸਾਂਝ ਆਪਣੀ ਤੋਤਲੀ ਆਵਾਜ਼ ਜਰੀਏ ਨਾ ਪੁਆਈ ਹੋਵੇ। ਕੁਲਦੀਪ ਨੂੰ ਖੁਦ ਵੀ ਪਤਾ ਨਾ ਲੱਗਾ ਕਿ ਲੋਕਾਂ ਨੇ ਉਸਦਾ ਨਾਮਕਰਨ “ਕੁਲਦੀਪ ਮਾਣਕ“ ਕਦੋ ਕਰ ਦਿੱਤਾ? ਧਰਮਪ੍ਰੀਤ ਦੀ ਮੌਤ ਨੇ ਕੁਲਦੀਪ ਦੇ ਅਸਮਾਨ ‘ਚ ਐਸਾ ਹਨੇਰ ਦਾ ਗੁਬਾਰ ਸਿਰਜ ਦਿੱਤਾ ਕਿ ਉਹ ਗਾਇਕੀ ਦੇ ਖੇਤਰ ‘ਚੋਂ ਲੱਗਭੱਗ ਅਲੋਪ ਹੋ ਗਿਆ। ਕਹਿੰਦੇ ਹਨ ਕਿ ਵਕਤ ਦਾ ਪਹੀਆ ਸਦਾ ਇੱਕ ਸਾਰ ਨਹੀ ਘੁੰਮਦਾ। ਉਹ ਵੀ ਕਦੇ ਹੌਲੀ ਤੇ ਕਦੇ ਤੇਜ਼ ਹੁੰਦਾ ਹੀ ਰਹਿੰਦਾ ਹੈ। ਬਿਲਕੁਲ ਉਸੇ ਤਰ੍ਹਾਂ ਕੁਲਦੀਪ ਨਾਲ ਹੋਇਆ ਤੇ ਸਮੇਂ ਦੇ ਚੱਕਰ ਕਰਕੇ ਢੇਰੀ ਢਾਹ ਚੁੱਕੇ ਕੁਲਦੀਪ ਦੀ ਮੁਲਾਕਾਤ ਇੱਕ ਦਿਨ ਪੰਜਾਬੀ ਮਾਂ ਬੋਲੀ ਦੇ ਪਿਆਰੇ ਸਪੂਤ ਟੋਰੰਟੋ ਵਸਦੇ ਗੈਰੀ ਹਠੂਰ ਨਾਲ ਹੋਈ। ਗੈਰੀ ਹਠੂਰ ਨੇ ਕੁਲਦੀਪ ਨੂੰ ਨਾ ਸਿਰਫ ਹਿੱਕ ਨਾਲ ਲਾਇਆ ਸਗੋਂ ਹੋਰ ਤਰਾਸ਼ਣ ਉਪਰੰਤ ਜਸਟਿਨ ਸਿੱਧੂ ਨਾਮ ਹੇਠ ਪਰਿਵਾਰਿਕ ਗੀਤਾਂ ਨਾਲ ਲੋਕਾਂ ਦੀ ਕਚਿਹਰੀ ‘ਚ ਉਤਾਰਿਆ। ਜਸਟਿਨ ਸਿੱਧੂ ਦੀ ਆਵਾਜ਼ ਤੇ ਗੈਰੀ ਹਠੂਰ ਦੀ ਕਲਮ ਦੇ ਜਾਦੂ ਨੇ ਜਸਟਿਨ ਤੇ ਗੈਰੀ ਦੀ ਜੋੜੀ ਦੀਆਂ ਗੱਲਾਂ ਸੰਗੀਤ ਜਗਤ ਦੇ ਅੰਬਰਾਂ ਵਿੱਚ ਹੋਣ ਲਾ ਦਿੱਤੀਆਂ। ਹੁਣ ਤੱਕ ਜਸਟਿਨ ਸਿੱਧੂ ਤੇ ਗੈਰੀ ਹਠੂਰ ਦੀ ਜੋੜੀ ਨੇ ਸੰਗੀਤਕ ਖੇਤਰ ਚ ਜੱਟੀ, ਦੁਨੀਆਦਾਰੀ ਤੇ ਬਹੁਚਰਚਿਤ ਗੀਤ ਸੋਫ਼ੀ ਰਾਹੀਂ ਆਪਣੀ ਸਫ਼ਲ ਹਾਜ਼ਰੀ ਲਗਵਾਈ ਹੈ। ਨੇੜ ਭਵਿੱਖ ਵਿੱਚ ਜਸਟਿਨ ਦੀ ਆਵਾਜ਼ ਵਿੱਚ ਤਿੰਨ ਗੀਤ ਹੋਰ ਆ ਰਹੇ ਹਨ, ਜਿੰਨ੍ਹਾ ਨੂੰ ਗੈਰੀ ਹਠੂਰ ਵੱਲੋਂ ਸ਼ਬਦਾਂ ਦੇ ਮੋਤੀਆਂ ਨਾਲ ਸ਼ਿਗਾਰਿਆ ਹੈ। ਕਾਮਨਾ ਕਰਦੇ ਹਾਂ ਇਹ ਰਾਮ ਲਛਮਣ ਦੀ ਜੋੜੀ ਆਪਣੇ ਸਮਾਜਿਕ ਫ਼ਰਜ਼ਾਂ ਨੂੰ ਯਾਦ ਰੱਖਦਿਆਂ ਸੰਗੀਤ ਜਗਤ ਦੇ ਅੰਬਰਾਂ ‘ਤੇ ਚੰਨ ਵਾਂਗ ਚਮਕਦੀ ਰਹੇ।
previous post