ਨਾਮ ਦੋਸਤੀ ਕਹਿਣ ਨੂੰ ਬੜਾ ਸੌਖਾ,
ਐਪਰ ਗਹਿਰਾ ਹੈ ਗਹਿਰੇ ਤਲਾਅ ਵਰਗਾ ।
ਇਹ ਦੇ ਵਿਚ ਟਿਕਾਉ ਹੈ ਝੀਲ ਜੇਹਾ,
ਇਹਦਾ ਵਹਿਣ ਹੈ ਵਹਿੰਦੇ ਦਰਿਆ ਵਰਗਾ।
ਠੰਡਕ ਇਹਦੇ ‘ਚ, ਚੰਨ ਦੀ ਚਾਨਣੀ ਜਹੀ,
ਨਿੱਘ ਇਹਦੇ ‘ਚ ਸੂਰਜ ਦੇ ਤਾਅ ਵਰਗਾ !
ਸੀਨੇ ਵਿੱਚ ਇੱਕ ਠੰਢ ਜਹੀ ਪਾ ਜਾਂਦਾ ,
ਠੰਢੇ ਪਰਬਤੋਂ ਆਈ ਹਵਾਅ ਵਰਗਾ ।
ਰਿਸ਼ਤਾ ਇਹ, ਹੈ ਕੇਹਾ ਅਜੀਬ ਰਿਸ਼ਤਾ,
ਕਿਸੇ ਰਾਹੀ ਨੂੰ ਲੱਭ ਜਾਏ ਛਾਂ ਜਿੱਦਾਂ ।
ਕਿਸੇ ਨਾਰ ਨੂੰ ਮਿਲ ਪਏ ਕੰਤ ਜਿਦਾਂ,
ਕਿਸੇ ਧੀ ਨੂੰ ਮਿਲ ਪਏ ਮਾਂ ਜਿੱਦਾਂ ।
ਖਾਬ ਵਿੱਚ ਜਿਉਂ ਕਿਸੇ ਦੀ ਜਾਗ ਖੁੱਲ੍ਹ ਜਏ ,
ਤੁਰਨ ਲੱਗਦਾ ਆਪ ਮੁਹਾਰਾ ਹੈ ਇਹ ।
ਆਪਣੀ ਮੈਂ ਨੂੰ ਪੈਰਾਂ ਵਿਚ ਥਾਂ ਦੇਵੇ,
ਤੂੰ ਵਾਸਤੇ ਉੱਚਾ ਚੁਬਾਰਾ ਹੈ ਇਹ ।
ਪੈਂਦੀ ਨਜ਼ਰ ਹੈ ਜਦੋਂ ਜ਼ਮਾਨਿਆਂ ਦੀ ,
ਮਨ ਡਿੱਕੋ ਡੋਲੇ ਖਾਵਣ ਲੱਗ ਜਾਂਦਾ ।
ਬੱਦਲ ਗਮਾਂ ਦੇ ਆਣ ਕੇ ਘੇਰ ਲੈਂਦੇ ,
ਵਰ੍ਹਨ ਅੱਖੀਆਂ ਚੋਂ ਸਾਵਣ ਲੱਗ ਜਾਂਦਾ ।
ਕੰਵਲ ਹੁੰਦੇ ਨੇ ਸੋਦੇ ਇਹ ਦਿਲਾਂ ਵਾਲੇ ,
ਮਿਲਦੇ ਮੁੱਲ ਨਾ ਕਿਸੇ ਬਾਜ਼ਾਰ ਵਿੱਚੋਂ ।
ਇਨ੍ਹਾਂ ਫੁੱਲਾਂ ਦੀ ਕਰੀਏ ਨਾ ਕਦਰ ਜੇਕਰ ,
ਉੱਡ ਜਾਂਦੀ ਹੈ ਮਹਿਕ ਗੁਲਜ਼ਾਰ ਵਿੱਚੋਂ ।
–ਕੰਵਲ ਕੌਰ ਜੀਰਾ–