ਕਾਰ ਚੋਰ ਨੇ ਜਿੱਤਿਆ ਗੋਲਡ ਮੈਡਲ : ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਰੀਓ ਓਲੰਪਿਕ ‘ਚ 62 ਕਿੱਲੋ ਵਰਗ ਦੇ ਵੇਟ ਲਿਫਟਿੰਗ ਇਵੈਂਟ ‘ਚ ਗੋਲਡ ਮੈਡਲ ਜੇਤੂ ਕੋਲੰਬੀਆ ਦੇ ਵੇਟ ਲਿਫਟਰ ਆਸਕਰ ਫਿਗੇਰੂਆ ਨੂੰ ਜੂਨ-2016 ‘ਚ ਕਾਰ ਚੋਰੀ ਦੇ ਮਾਮਲੇ ‘ਚ ਸਥਾਨਕ ਅਦਾਲਤ ਵੱਲੋਂ 16 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਆਸਕਰ ਇਕ ਗੱਲੋਂ ਇਸ ਕਰਕੇ ਖੁਸ਼ਕਿਸਮਤ ਨਿਕਲਿਆ ਕਿ ਹੇਠਲੀ ਅਦਾਲਤ ਦੇ ਸਜ਼ਾ ਦੇ ਫ਼ੈਸਲੇ ‘ਤੇ ਉੱਪਰਲੀ ਅਦਾਲਤ ਵੱਲੋਂ ਰੋਕ ਲਾ ਦਿੱਤੀ ਗਈ ਸੀ। ਜੇਲ੍ਹੋਂ ਰਿਹਾਈ ਤੋਂ ਬਾਅਦ ਆਸਕਰ ਨੇ ਇਸ ਮੰਦਭਾਗੀ ਘਟਨਾ ਤੋਂ ਉੱਭਰਦਿਆਂ ਜੰਗੀ ਪੱਧਰ ‘ਤੇ ਓਲੰਪਿਕ ਦੀ ਤਿਆਰੀ ਆਰੰਭੀ, ਜਿਸ ਦਾ ਸਿੱਟਾ ਮੈਡਲ ਜਿੱਤਣ ਦੇ ਰੂਪ ‘ਚ ਅੱਜ ਸਾਰਿਆਂ ਦੇ ਸਾਹਮਣੇ ਹੈ। ਲੰਡਨ-2012 ਓਲੰਪਿਕ ‘ਚ ਸਿਲਵਰ ਮੈਡਲ ਜੇਤੂ ਆਸਕਰ ਨੇ ਰੀਓ ‘ਚ 142 ਕਿੱਲੋ ਸਨੈਚ ਤੇ 176 ਕਿਲੋ ਕਲੀਨ ਤੇ ਜਰਕ ਨਾਲ ਕੁੱਲ 318 ਕਿੱਲੋ ਵਜ਼ਨ ਚੁੱਕਣ ਸਦਕਾ ਸੋਨ ਤਮਗਾ ਆਪਣੀ ਝੋਲੀ ‘ਚ ਪਾਇਆ ਗੋਲਡ ਮੈਡਲ ਜਿੱਤਣ ਤੋਂ ਬਾਅਦ ਆਸਕਰ ਸਟੇਜ ਦੇ ਸਨਮਾਨ ਵਜੋਂ ਆਪਣੇ ਸਪੋਰਟਸ ਬੂਟ ਉਤਾਰ ਕੇ ਗੋਡਿਆਂ ਭਾਰ ਬੈਠ ਗਿਆ। ਜ਼ੀਰੋ ਤੋਂ ਹੀਰੋ ਬਣੇ ਆਸਕਰ ਨੇ ਦੇਸ਼ ਵਾਸੀਆਂ ਨੂੰ ਓਲੰਪਿਕ ਮੈਡਲ ਸਮਰਪਿਤ ਕਰਦੇ ਹੋਏ ਉਨ੍ਹਾਂ ਤੋਂ ਆਪਣੀ ਕਾਰ ਚੋਰੀ ਦੀ ਭੁੱਲ ਲਈ ਮਾਫੀ ਵੀ ਮੰਗੀ। ਰੀਓ ‘ਚ ਤਮਗਾ ਜਿੱਤਣ ਤੋਂ ਬਾਅਦ ਆਸਕਰ ਵੱਲੋਂ ਵੇਟ ਲਿਫਟਿੰਗ ਨੂੰ ਸਦਾ ਲਈ ਅਲਵਿਦਾ ਕਹਿ ਦਿੱਤੀ ਗਈ।
ਓਲੰਪਿਕ ਤੋਂ ਬਾਅਦ ਕੀਤਾ ਵਿਆਹ : ਇੰਗਲੈਂਡ ਦੀ ਪੁਰਸ਼ ਤੇ ਮਹਿਲਾ ਸਾਈਕਲ ਚਾਲਕ ਟੀਮ ‘ਚ ਸ਼ਾਮਲ ਦੋ ਸਾਈਕਲਿਸਟਾਂ ਜੇਸਨ ਕੇਨੀ ਤੇ ਲੌਰਾ ਟਰੋਟ ਦਰਮਿਆਨ ਚੱਲ ਰਿਹਾ ਰੋਮਾਂਸ ਰੀਓ ‘ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਓਲੰਪਿਕ ਤੋਂ ਪਹਿਲਾਂ ਦੀਆਂ ਕਿਆਸ ਅਰਾਈਆਂ ਦਾ ਅੰਤ ਕਰਦਿਆਂ ਦੋਹਾਂ ਨੇ ਕਿਹਾ ਸੀ ਕਿ ਸਾਡਾ ਵਿਆਹ ਓਲੰਪਿਕ ਤੋਂ ਬਾਅਦ ਸਤੰਬਰ ‘ਚ ਜ਼ਰੂਰ ਹੋਵੇਗਾ। ਕਰੀਅਰ ਦਾ ਤੀਜਾ ਓਲੰਪਿਕ ਖੇਡ ਰਹੇ ਜੇਸਨ ਕੇਨੀ ਨੇ ਰੀਓ ‘ਚ ਤਿੰਨ ਮੈਡਲ ਜਿੱਤੇ ਸਨ। ਉਸ ਨੂੰ ਓਲੰਪਿਕ ਖੇਡਾਂ ‘ਚ ਛੇ ਗੋਲਡ ਤੇ ਇਕ ਚਾਂਦੀ ਦਾ ਤਮਗਾ ਜਿੱਤਣ ਦਾ ਮਾਣ ਹਾਸਲ ਹੈ। ਛੇ ਸੋਨ ਤਮਗੇ ਜਿੱਤ ਕੇ ਜੇਸਨ ਕੈਨੀ ਨੇ ਆਪਣੇ ਹਮਵਤਨੀ ਸਾਈਕਲਿਸਟ ਐਚ. ਕਰਿਸ ਦੀ ਬਰਾਬਰੀ ਵੀ ਕੀਤੀ ਜੋ ਰੀਓ ਓਲੰਪਿਕ ‘ਚ ਜੇਸਨ ਦੀਆਂ ਜਿੱਤਾਂ ਦਾ ਗਵਾਹ ਵੀ ਬਣਿਆ ਸੀ। ਦੂਜਾ ਓਲੰਪਿਕ ਖੇਡਣ ਵਾਲੀ ਲੌਰਾ ਨੂੰ ਲੰਡਨ ਤੇ ਰੀਓ ‘ਚ ਦੋ-ਦੋ ਗੋਲਡ ਭਾਵ ਕੁੱਲ ਚਾਰ ਸੋਨ ਤਮਗੇ ਆਪਣੀ ਝੋਲੀ ‘ਚ ਪਾਉਣ ਦਾ ਮਾਣ ਪ੍ਰਰਾਪਤ ਹੋ ਚੁੱਕਾ ਹੈ। ਇਸ ਨਾਲ ਹੀ ਲੌਰਾ ਬਿ੍ਟੇਨ ਦੀ ਪਹਿਲੀ ਮਹਿਲਾ ਨਾਮਜ਼ਦ ਹੋਈ, ਜਿਸ ਨੂੰ ਓਲੰਪਿਕ ਖੇਡਾਂ ‘ਚ ਚਾਰ ਸੋਨ ਤਮਗੇ ਜਿੱਤਣ ਦਾ ਮਾਣ ਹਾਸਲ ਹੋਇਆ। ਟੋਕੀਓ ਓਲੰਪਿਕ ਖੇਡਣ ਲਈ ਤਿਆਰ ਓਲੰਪੀਅਨ ਜੋੜੀ ਜੇਸਨ ਤੇ ਲੌਰਾ ਦੇ ਗ੍ਹਿ ਵਿਖੇ 2017 ‘ਚ ਇਕ ਪੁੱਤਰ ਵੀ ਜਨਮ ਲੈ ਚੁੱਕਾ ਹੈ।
ਰੀਓ ‘ਚ ਛਾ ਗਈ ਬਲੂਮ : ਰੀਓ ਓਲੰਪਿਕ ‘ਚ ਡੈਨਮਾਰਕ ਦੀ ਮਹਿਲਾ ਤੈਰਾਕ ਪਰਨੇਲ ਬਲੂਮ ਨੇ 50 ਮੀਟਰ ਫ੍ਰੀ ਸਟਾਈਲ ਤੈਰਾਕੀ ‘ਚ 24.07 ਸਕਿੰਟ ਦੀ ਟਾਈਮਿੰਗ ਨਾਲ ਸੋਨ ਤਮਗਾ ਜਿੱਤਣ ਦਾ ਕ੍ਰਿਸ਼ਮਾ ਕੀਤਾ। ਅਮਰੀਕਾ ਦੀ ਸਿਮੋਨ ਮੈਨੂਅਲ ਨੂੰ ਪਛਾੜਨ ਵਾਲੀ ਪਨੇਲ ਬਲੂਮ ਨੇ ਮੈਲਬੌਰਨ-1956 ਓਲੰਪਿਕ ਤੋਂ ਕਰੀਬ 60 ਸਾਲ ਬਾਅਦ ਆਪਣੇ ਦੇਸ਼ ਦੀ ਝੋਲੀ ‘ਚ ਕੋਈ ਓਲੰਪਿਕ ਦਾ ਮੈਡਲ ਪਾਇਆ ਸੀ। ਲੰਡਨ-1948 ‘ਚ ਕਾਰੇਨ ਹਰੁਪ ਤੋਂ ਬਾਅਦ ਡੈਨਮਾਰਕ ਲਈ ਤੈਰਾਕੀ ‘ਚ ਦੂਜਾ ਸੋਨ ਤਮਗਾ ਜਿੱਤਣ ਵਾਲੀ ਬਲੂਮ ਨੇ ਰੀਓ ‘ਚ ਇਕ ਤਾਂਬੇ ਦਾ ਤਮਗਾ ਵੀ ਜਿੱਤਿਆ ਸੀ। 27 ਸਾਲਾ ਬਲੂਮ ਟੋਕੀਓ ਓਲੰਪਿਕ ‘ਚ ਆਪਣੇ ਰੀਓ ‘ਚ ਜਿੱਤੇ ਸੁਨਹਿਰੀ ਖ਼ਿਤਾਬ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਰੀਓ ‘ਚ ਘੱਟ ਤਮਗੇ ਜਿੱਤਣ ਨਾਲ ਚੀਨ ‘ਚ ਮਚੀ ਸੀ ਹਾਹਾਕਾਰ : ਰੀਓ ‘ਚ ਸਿਰਫ ਦੋ (ਇਕ ਚਾਂਦੀ ਤੇ ਇਕ ਤਾਂਬਾ) ਮੈਡਲ ਜਿੱਤਣ ਨਾਲ ਜਿੱਥੇ ਭਾਰਤ ‘ਚ ਜਸ਼ਨ ਮਨਾਏ ਜਾ ਰਹੇ ਸਨ ਉੱਥੇ ਗੁਆਂਢੀ ਦੇਸ਼ ਚੀਨ ‘ਚ 70 ਮੈਡਲ, ਜਿਨ੍ਹਾਂ ‘ਚ ਸੋਨੇ ਦੇ 26, ਚਾਂਦੀ ਦੇ 18 ਤੇ ਤਾਂਬੇ ਦੇ 26 ਤਮਗੇ ਸ਼ਾਮਲ ਹਨ, ਜਿੱਤਣ ਨਾਲ ਨਿਰਾਸ਼ਾ ਦੇ ਆਲਮ ‘ਚ ਡੁੱਬਿਆ ਹੋਇਆ ਸੀ। ਇਕ ਅੰਦਾਜ਼ੇ ਮੁਤਾਬਕ ਪਿਛਲੇ 20 ਸਾਲਾ ਓਲੰਪਿਕ ਖੇਡਾਂ ਦੇ ਇਤਿਹਾਸ ‘ਚ ਚੀਨੀ ਖਿਡਾਰੀਆਂ ਦਾ ਇਹ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਚੀਨੀ ਮੀਡੀਆ ਨੇ ਸਰਕਾਰੀ ਤੇ ਗੈਰ-ਸਰਕਾਰੀ ਸਪੋਰਟਸ ਸੈਂਟਰਾਂ ‘ਤੇ ਹੋਰ ਨਜ਼ਲਾ ਝਾੜਦਿਆਂ ਤਰਕ ਪੇਸ਼ ਕੀਤੇ ਸਨ ਕਿ ਬੀਜਿੰਗ ਓਲੰਪਿਕ ‘ਚ ਤਮਗਾ ਸੂਚੀ ‘ਚ ਪਹਿਲੇ ਪਾਏਦਾਨ ‘ਤੇ ਰਹੇ ਚੀਨੀ ਖਿਡਾਰੀਆਂ ਵੱਲੋਂ ਚਾਰ ਸਾਲ ਬਾਅਦ ਲੰਡਨ-2012 ਓਲੰਪਿਕ ‘ਚ ਦੂਜੇ ਸਥਾਨ ‘ਤੇ ਖ਼ਿਸਕ ਜਾਣ ‘ਤੇ ਜੇਕਰ ਦੇਸ਼ ਦੇ ਖੇਡ ਵਿੰਗ ਗੰਭੀਰਤਾ ਨਾਲ ਮੰਥਨ ਕਰਦੇ ਤਾਂ ਰੀਓ ‘ਚ ਤੀਜੀ ਪੁਜ਼ੀਸ਼ਨ ‘ਤੇ ਪਹੁੰਚਣ ਤੋਂ ਬਚਾਅ ਹੋ ਸਕਦਾ ਸੀ। ਚੀਨ ‘ਚ ਛਪੀਆਂ ਖੇਡ ਖ਼ਬਰਾਂ ਕਹਿੰਦੀਆਂ ਸਨ ਕਿ ਰੀਓ ਓਲੰਪਿਕ ਤੋਂ ਪਹਿਲਾਂ ਕੌਮਾਂਤਰੀ ਡੋਪਿੰਗ ਏਜੰਸੀ ਵੱਲੋਂ ਕੀਤੇ ਡੋਪ ਟੈਸਟਾਂ ‘ਚ ਰੂਸ ਦੇ ਕਈ ਖਿਡਾਰੀ ਟੈਸਟ ‘ਚ ਨਾਕਾਮ ਹੋਣ ਕਾਰਨ ਮੁਕਾਬਲੇ ਤੋਂ ਬਾਹਰ ਹੋ ਗਏ ਸਨ, ਜਿਸ ਦਾ ਬਹੁਤਾ ਫ਼ਾਇਦਾ ਚੀਨੀ ਖਿਡਾਰੀਆਂ ਨੂੰ ਮਿਲਣਾ ਚਾਹੀਦਾ ਸੀ। ਰੀਓ ਓਲੰਪਿਕ ਦੀ ਤਮਗਾ ਸੂਚੀ ‘ਚ ਬਿਟ੍ਰੇਨ ਵੱਲੋਂ ਦੂਜਾ ਰੈਂਕ ਹਾਸਲ ਕਰਨ ਨਾਲ ਚੀਨ ਨੂੰ ਨਮੋਸ਼ੀ ਸਹਿਣੀ ਪਈ ਸੀ। ਜ਼ਿਕਰਯੋਗ ਹੈ ਕਿ ਚੀਨ ਨੇ ਖਿਡਾਰੀਆਂ, ਕੋਚਾਂ ਤੇ ਅਧਿਕਾਰੀਆਂ ਦਾ 710 ਮੈਂਬਰੀ ਵੱਡਾ ਦਲ ਰੀਓ ਓਲੰਪਿਕ ‘ਚ ਭੇਜਿਆ ਸੀ।