ਕੀਵ: ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਰੂਸ ਦੇ ਸੰਭਾਵਿਤ ਹਵਾਈ ਹਮਲੇ ਦੀ ‘ਅਹਿਮ’ ਚੇਤਾਵਨੀ ਮਿਲੀ ਹੈ ਅਤੇ ਇਸ ਕਾਰਨ ਇਹਤਿਆਤ ਵਜੋਂ ਸਫ਼ਾਰਤਖ਼ਾਨਾ ਬੰਦ ਕੀਤਾ ਜਾ ਰਿਹਾ ਹੈ। ਦੂਤਾਵਾਸ ਨੇ ਇੱਕ ਬਿਆਨ ਵਿੱਚ ਆਪਣੇ ਮੁਲਾਜ਼ਮਾਂ ਨੂੰ ਵੱਖ-ਵੱਖ ਥਾਈਂ ਸੁਰੱਖਿਅਤ ਪਨਾਹ ਲੈ ਲੈਣ ਲਈ ਵੀ ਕਿਹਾ ਹੈ। ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਹਵਾਈ ਚੇਤਾਵਨੀ ਦੀ ਸਥਿਤੀ ਵਿੱਚ ਤੁਰੰਤ ਸੁਰੱਖਿਅਤ ਥਾਵਾਂ ਉਤੇ ਪੁੱਜਣ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ ਗਿਆ ਹੈ।
ਗ਼ੌਰਤਲਬ ਹੈ ਕਿ ਯੂਕਰੇਨ ਵਿਚ ਰੂਸ ਦੇ ਹਮਲੇ ਆਮ ਗੱਲ ਹਨ, ਪਰ ਇਸ ਸਬੰਧੀ ਅਮਰੀਕੀ ਸਫ਼ਾਰਤਖ਼ਾਨੇ ਨੇ ਪ੍ਰਤੀਕਿਰਿਆ ਦਿੱਤੀ ਹੈ, ਉਹ ਇਸ ਨੂੰ ਗ਼ੈਰਮਾਮੂਲੀ ਬਣਾਉਂਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਮਾਸਕੋ ਨੇ ਕਿਹਾ ਸੀ ਕਿ ਯੂਕਰੇਨ ਵੱਲੋਂ ਰੂਸ ਉਤੇ ਕੀਤੇ ਗਏ ਇੱਕ ਹਮਲੇ ਵਿੱਚ ਅਮਰੀਕਾ ਵਿਚ ਬਣੀਆਂ ਹੋਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਇਜਾਜ਼ਤ ਦਿੱਤੀ ਸੀ। ਇਸ ਇਜਾਜ਼ਤ ਤੋਂ ਬਾਅਦ ਯੂਕਰੇਨ ਵੱਲੋਂ ਇਨ੍ਹਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਰਾਹੀਂ ਰੂਸ ਦੇ ਬ੍ਰਾਇੰਸਕ ਖੇਤਰ ਵਿੱਚ ਇੱਕ ਅਸਲਾਖ਼ਾਨੇ ਨੂੰ ਨਿਸ਼ਾਨਾ ਬਣਾਇਆ ਗਿਆ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੀਤੇ ਸਤੰਬਰ ਵਿੱਚ ਚੇਤਾਵਨੀ ਦਿੱਤੀ ਸੀ ਕਿ ਜੇ ਪੱਛਮੀ ਦੇਸ਼ ਯੂਕਰੇਨ ਨੂੰ ਆਪਣੇ ਲੰਬੀ ਦੂਰੀ ਵਾਲੇ ਹਥਿਆਰਾਂ ਨਾਲ ਰੂਸ ਦੇ ਧੁਰ ਅੰਦਰ ਤੱਕ ਹਮਲੇ ਕਰਨ ਦੀ ਖੁੱਲ੍ਹ ਦਿੰਦੇ ਹਨ, ਤਾਂ “ਇਸਦਾ ਮਤਲਬ ਹੋਵੇਗਾ ਕਿ ਨਾਟੋ ਦੇਸ਼, ਅਮਰੀਕਾ, ਯੂਰਪੀ ਮੁਲਕ ਰੂਸ ਨਾਲ ਜੰਗ ਲੜ ਰਹੇ ਹਨ।”
ਪੂਤਿਨ ਨੇ ਕਿਹਾ ਸੀ, “ਅਤੇ ਜੇ ਅਜਿਹਾ ਹੁੰਦਾ ਹੈ, ਤਾਂ, ਟਕਰਾਅ ਦੇ ਤੱਤ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਆਪਣੇ ਲਈ ਖਤਰੇ ਦੇ ਆਧਾਰ ‘ਤੇ ਢੁਕਵੇਂ ਫੈਸਲੇ ਲਵਾਂਗੇ।” ਇਹ ਦੀ ਗ਼ੌਰਲਤਬ ਹੈਕਿ ਰੂਸ ਨੇ ਹਾਲ ਹੀ ਵਿੱਚ ਹਵਾਈ ਹਮਲੇ ਵਧਾ ਦਿੱਤੇ ਹਨ। ਉਸ ਨੇ ਇਸ ਹਫ਼ਤੇ ਯੂਕਰੇਨ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਡਰੋਨਾਂ ਆਦਿ ਦੀ ਮਦਦ ਨਾਲ ਕਈ ਜ਼ੋਰਦਾਰ ਹਮਲੇ ਕੀਤੇ ਹਨ, ਕਿਉਂਕਿ ਸਰਦੀਆਂ ਵਧਣ ਕਾਰਨ ਖ਼ਿੱਤੇ ਵਿਚ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਹੈ। -ਏਪੀ
ਭਿਆਨਕ ਸੜਕ ਹਾਦਸੇ ‘ਚ 4 ਜਿਗਰੀ ਯਾਰਾਂ ਦੀ ਇਕੱਠਿਆਂ ਮੌਤ, ਚਾਰੋਂ ਇਕੋ ਮੋਟਰਸਾਈਕਲ ‘ਤੇ ਜਾ ਰਹੇ ਸਨ ਕਾਲਜ- ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਨਿੱਜੀ ਬੱਸ ਨੇ ਕਾਲਜ ਜਾ ਰਹੇ ਚਾਰ ਬਾਈਕ ਸਵਾਰ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ‘ਚ ਜ਼ਖਮੀ ਹੋਏ ਨੌਜਵਾਨ ਦੀ ਆਗਰਾ ਦੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਹਾਦਸਾ ਮੰਗਲਵਾਰ ਦੁਪਹਿਰ 12 ਵਜੇ ਵਾਪਰਿਆ, ਚਾਰ ਦੋਸਤ ਇੱਕ ਹੀ ਬਾਈਕ ‘ਤੇ ਇੱਕ ਕਾਰ ਨੂੰ ਓਵਰਟੇਕ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਸਾਰੇ ਵਿਦਿਆਰਥੀ ਇੱਕੋ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਦੂਜੇ ਸਾਲ ਦੇ ਵਿਦਿਆਰਥੀ ਸਨ।
ਇਹ ਘਟਨਾ ਮਥੁਰਾ ਜ਼ਿਲ੍ਹੇ ਦੇ ਮਗੋਰਾ ਥਾਣਾ ਖੇਤਰ ਦੇ ਜਾਜਮ ਪੱਟੀ ਦੇ ਕੋਲ ਵਾਪਰੀ। ਚਾਰੇ ਦੋਸਤ ਰੋਜ਼ਾਨਾ 80 ਕਿਲੋਮੀਟਰ ਦੂਰ ਕਾਲਜ ਜਾਂਦੇ ਸਨ। ਮ੍ਰਿਤਕਾਂ ਵਿਚ ਰਿਤੇਸ਼ (22), ਮੁਕੁਲ (21) ਪਿੰਡ ਸ਼ੇਰਗੜ੍ਹ, ਚੇਤਨ (21) ਵਾਸੀ ਭਰਤਪੁਰ ਅਤੇ ਰਾਮਕੇਸ਼ (23) ਸ਼ਾਮਲ ਹਨ। ਇਹ ਚਾਰੋਂ ਇੱਕ ਹੀ ਬਾਈਕ ‘ਤੇ ਭਰਤਪੁਰ ਤੋਂ ਮਥੁਰਾ ਆ ਰਹੇ ਸਨ।