ਰੂਸ ਤੇ ਚੀਨ ਨੇ ਅਮਰੀਕਾ ਦੇ ਲੋਕਤੰਤਰ ਸੰਮੇਲਨ ਦੇ ਵਿਚਾਰ ਨੂੰ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਹੈ ਕਿ ਇਸ ਨਾਲ ਕੌਮਾਂਤਰੀ ਫ਼ਿਰਕੇ ’ਚ ਨਵੀਂ ਵੰਡ ਲਕੀਰ ਖਿੱਚੀ ਜਾਵੇਗੀ। ਚੀਨ ਨੇ ਸੰਮੇਲਨ ਲਈ ਤਾਇਵਾਨ ਨੂੰ ਸੱਦਾ ਭੇਜੇ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ ਹੈ।
ਅਮਰੀਕਾ ਨੇ ਵੀਰਵਾਰ ਨੂੰ ਨੌਂ ਤੇ 10 ਦਸੰਬਰ ਨੂੰ ਆਨਲਾਈਨ ਹੋਣ ਵਾਲੇ ਲੋਕਤੰਤਰ ਸੰਮੇਲਨ ਲਈ ਬੁਲਾਏ 110 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਸੀ। ਰੂਸ ਤੇ ਚੀਨ ਨੂੰ ਇਸ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਵਾਸ਼ਿੰਗਟਨ ਦੀ ਨੈਸ਼ਨਲ ਇੰਟਰੈਸਟ ਮੈਗਜ਼ੀਨ ’ਚ ਪ੍ਰਕਾਸ਼ਿਤ ਸੰਯੁਕਤ ਲੇਖ ’ਚ ਰੂਸ ਦੇ ਰਾਜਦੂਤ ਏਨਾਟੋਲੀ ਐਂਟੋਨੋਵ ਤੇ ਚੀਨੀ ਕਵਿਨ ਗੈਂਗ ਨੇ ਕਿਹਾ, ‘ਅਮਰੀਕਾ ਇਹ ਜਤਾਉਣ ਲਈ ਲੋਕਤੰਤਰ ਸੰਮੇਲਨ ਕਰ ਰਿਹਾ ਹੈ ਕਿ ਕੌਣ ਇਸ ’ਚ ਹਿੱਸਾ ਲੈ ਸਕਦਾ ਹੈ ਤੇ ਕੌਣ ਨਹੀਂ। ਕੌਣ ਲੋਕਤੰਤਰੀ ਦੇਸ਼ ਹੈ ਤੇ ਕੌਣ ਇਸ ਦਰਜੇ ਲਈ ਅਯੋਗ ਹੈ। ਇਹ ਠੰਢੀ ਜੰਗ ਦੀ ਮਾਨਸਿਕਤਾ ਦੀ ਪੈਦਾਇਸ਼ ਹੈ, ਜੋ ਦੁਨੀਆ ਭਰ ’ਚ ਵਿਚਾਰਕ ਮਤਭੇਦ ਤੇ ਟਕਰਾਅ ਨੂੰ ਬੜਾਵਾ ਦੇਵੇਗਾ।’
ਰੇਡੀਓ ਫ੍ਰੀ ਏਸ਼ੀਆ ਨੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਝਾਓ ਲਿਜਿਆਨ ਦੇ ਹਵਾਲੇ ਨਾਲ ਕਿਹਾ, ‘ਚੀਨ ਦ੍ਰਿੜ੍ਹਤਾ ਨਾਲ ਅਮਰੀਕਾ ਵੱਲੋਂ ਕਥਿਤ ਲੋਕਤੰਤਰ ਸੰਮੇਲਨ ਲਈ ਤਾਇਵਾਨ ਨੂੰ ਸੱਦਾ ਦਿੱਤੇ ਜਾਣ ਦਾ ਵਿਰੋਧ ਕਰਦਾ ਹੈ।’ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਤਾਇਵਾਨ ਦੀ ਆਜ਼ਾਦੀ ਚਾਹੁਣ ਵਾਲੀਆਂ ਤਾਕਤਾਂ ਨੂੰ ਮੰਚ ਪ੍ਰਦਾਨ ਕਰਨਾ ਬੰਦ ਕਰੇ।