ਰੂਸ ਅਤੇ ਯੂਕਰੇਨ ਵਿਚਾਲੇ ਪੰਜ ਮਹੀਨਿਆਂ ਤੋਂ ਚੱਲੀ ਜੰਗ ਨੂੰ ਲੈ ਕੇ ਚੀਨ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰ ਰਿਹਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਚੀਨ ਤਾਇਵਾਨ ਬਾਰੇ ਇਸ ਜੰਗ ਤੋਂ ਸਬਕ ਲੈ ਰਿਹਾ ਹੈ। ਚੀਨ ਸਿਰਫ ਇਸ ਗੱਲ ਦਾ ਧਿਆਨ ਨਾਲ ਮੁਲਾਂਕਣ ਕਰ ਰਿਹਾ ਹੈ ਕਿ ਇਸ ਯੁੱਧ ਵਿੱਚ ਯੂਕਰੇਨ ਦੀ ਮਦਦ ਲਈ ਕੌਣ ਆ ਸਕਦਾ ਹੈ। ਹੁਣ ਤੱਕ ਜੋ ਕੁਝ ਸਾਹਮਣੇ ਆਇਆ ਹੈ, ਉਸ ਤੋਂ ਚੀਨ ਦਾ ਉਤਸ਼ਾਹਿਤ ਹੋਣਾ ਸੁਭਾਵਿਕ ਹੈ। ਦਰਅਸਲ, ਮਾਹਿਰਾਂ ਵੱਲੋਂ ਪਹਿਲਾਂ ਹੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਹ ਜੰਗ ਚੀਨ ਲਈ ਤਾਇਵਾਨ ‘ਤੇ ਹਮਲਾ ਕਰਨ ਦਾ ਰਾਹ ਪੱਧਰਾ ਕਰ ਸਕਦੀ ਹੈ। ਹੁਣ ਮਾਹਿਰ ਫਿਰ ਤੋਂ ਉਹੀ ਗੱਲ ਕਹਿ ਰਹੇ ਹਨ। ਇਹ ਡਰ ਰੂਸ ਅਤੇ ਚੀਨ ਦੇ ਨਵੇਂ ਗਠਜੋੜ ਤੋਂ ਵੀ ਪੈਦਾ ਹੋ ਰਿਹਾ ਹੈ।
ਪੁਤਿਨ ਤੇ ਸ਼ੀ ਵਿਚਕਾਰ ਗੱਲਬਾਤ
15 ਜੂਨ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਦੇ ਗਠਜੋੜ ਨੂੰ ਮਜ਼ਬੂਤ ਕਰਨ ਅਤੇ ਆਪਸੀ ਸਬੰਧਾਂ ਨੂੰ ਨਵੇਂ ਆਯਾਮ ਜੋੜਨ ‘ਤੇ ਚਰਚਾ ਹੋਈ। ਇਹ ਗੱਲਬਾਤ ਇਸ ਗੱਲ ਦਾ ਵੀ ਸੰਕੇਤ ਦੇ ਰਹੀ ਹੈ ਕਿ ਯੂਕਰੇਨ ‘ਤੇ ਰੂਸ ਦੀ ਜਿੱਤ ਤੋਂ ਬਾਅਦ ਚੀਨ ਲਈ ਤਾਇਵਾਨ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ‘ਚ ਲੈਣ ਦਾ ਰਾਹ ਖੁੱਲ੍ਹ ਜਾਵੇਗਾ। ਹਾਲ ਹੀ ‘ਚ ਇੰਡੋਨੇਸ਼ੀਆ ਦੇ ਬਾਲੀ ‘ਚ ਹੋਈ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਚੀਨ ਅਤੇ ਅਮਰੀਕਾ ਦੀ ਬੈਠਕ ਵੀ ਇਸ ਸਬੰਧ ‘ਚ ਕਾਫੀ ਅਹਿਮ ਰਹੀ ਹੈ। ਇਸ ਮੁਲਾਕਾਤ ਤੋਂ ਬਾਅਦ ਚੀਨ ਵੱਲੋਂ ਜੋ ਬਿਆਨ ਸਾਹਮਣੇ ਆਇਆ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਤਾਈਵਾਨ ਨੂੰ ਲੈ ਕੇ ਉਸ ਦੀ ਨੀਤੀ ਸਪੱਸ਼ਟ ਹੈ।
ਸ਼ੀ ਨੇ ਹਰ ਹਾਲਤ ‘ਚ ਸਮਰਥਨ ਦੇਣ ਦਾ ਦਿੱਤਾ ਭਰੋਸਾ
ਆਪਣੇ 69ਵੇਂ ਜਨਮ ਦਿਨ ਦੇ ਮੌਕੇ ‘ਤੇ ਸ਼ੀ ਨੇ ਪੁਤਿਨ ਨਾਲ ਗੱਲਬਾਤ ‘ਚ ਸਪੱਸ਼ਟ ਕੀਤਾ ਕਿ ਉਹ ਹਰ ਤਰ੍ਹਾਂ ਦੇ ਤਣਾਅ ਅਤੇ ਮੁਸੀਬਤ ‘ਚ ਉਨ੍ਹਾਂ ਦੇ ਨਾਲ ਹਨ। ਇਸ ਤੋਂ ਇਲਾਵਾ ਚੀਨ ਨੇ ਇਸ ਗੱਲਬਾਤ ਦੌਰਾਨ ਪੱਛਮੀ ਦੇਸ਼ਾਂ ਵੱਲੋਂ ਰੂਸ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਚਿਤਾਵਨੀਆਂ ਨੂੰ ਵੀ ਬੇਬੁਨਿਆਦ ਦੱਸਿਆ ਹੈ। ਰੂਸ ਅਤੇ ਚੀਨ ਵਿਚਾਲੇ ਬਣ ਰਹੇ ਇਸ ਨਵੇਂ ਗਠਜੋੜ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਨੇਤਾ ਕਾਫੀ ਚਿੰਤਤ ਹਨ। ਪ੍ਰੋਵੀਡੈਂਸ ਮੈਗਜ਼ੀਨ ਵਿੱਚ, ਜੇਨਲੀ ਯਾਂਗ ਅਤੇ ਯਾਨ ਯੂ ਨੇ ਲਿਖਿਆ ਕਿ ਚੀਨ ਰੇਨਮਿਨਬੀ (ਆਰਐਮਬੀ) ਦੇ ਅੰਤਰਰਾਸ਼ਟਰੀਕਰਨ ਨੂੰ ਤੇਜ਼ ਕਰਕੇ ਡਾਲਰ ਦੇ ਮੁਕਾਬਲੇ ਇੱਕ ਨਵਾਂ ਵਪਾਰਕ ਨੈਟਵਰਕ ਬਣਾਉਣਾ ਚਾਹੁੰਦਾ ਹੈ।
ਰੂਸ ਦੀ ਪਰਮਾਣੂ ਹਮਲੇ ਦੀ ਧਮਕੀ ਨੇ ਕੀਤਾ ਕੰਮ
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਭਵਿੱਖ ਵਿਚ ਪ੍ਰਮਾਣੂ ਹਮਲੇ ਦੀ ਸੰਭਾਵਨਾ ਨੇ ਅਮਰੀਕਾ ਅਤੇ ਨਾਟੋ ਦੇ ਹੱਥ ਬੰਨ੍ਹ ਦਿੱਤੇ ਹਨ। ਰੂਸ ਦੇ ਇਸ ਬਿਆਨ ਨੇ ਆਪਣਾ ਕੰਮ ਕਰ ਦਿੱਤਾ ਹੈ। ਤਾਈਵਾਨ ਦੇ ਬਾਰੇ ‘ਚ ਇਸ ਮੈਗਜ਼ੀਨ ‘ਚ ਕਿਹਾ ਗਿਆ ਹੈ ਕਿ ਤਾਈਵਾਨ ‘ਚ ਚੀਨ ਖਿਲਾਫ ਸਰਗਰਮੀਆਂ ਨੂੰ ਜਿੱਤਣਾ ਵੀ ਸ਼ੀ ਜਿਨਪਿੰਗ ਦੀ ਤਰਜੀਹ ਹੈ। ਇਸ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਯਾਂਗ ਅਤੇ ਯਾਨ ਨੇ ਕਿਹਾ ਹੈ ਕਿ ਇਸ ਯੁੱਧ ਦਾ ਲੰਬਾ ਸਮਾਂ ਚੀਨ ਲਈ ਇੱਕ ਲਾਭਦਾਇਕ ਸੌਦਾ ਹੈ।