ਚੰਡੀਗੜ੍ਹ-ਕੇਰਲ ਰੈਗਿੰਗ ਮਾਮਲੇ ਵਿੱਚ ਸੀਨੀਅਰ ਵਿਦਿਆਰਥੀਆਂ ਨੂੰ ਮੈਡੀਕਲ ਕਾਲਜ ਤੋਂ ਕੱਢ ਦਿੱਤਾ ਜਾਵੇਗਾ, ਇਹ ਰਿਪੋਬਰਟ ਪ੍ਰਾਈਵੇਟ ਚੈਨਲ NDTV ਨੇ ਨਸ਼ਰ ਕੀਤੀ ਹੈ।
ਇਹ ਮਾਮਲਾ ਵੀਰਵਾਰ ਨੂੰ ਸਰਕਾਰੀ ਨਰਸਿੰਗ ਕਾਲਜ ਵਿੱਚ ਇੱਕ ਜੂਨੀਅਰ ਵਿਦਿਆਰਥੀ ਦੀ ਬੇਰਹਿਮੀ ਨਾਲ ਕੀਤੀ ਗਈ ਰੈਗਿੰਗ ਦੇ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼/ਵੀਡੀਓ ਕਲਿਪਸ ਸਾਹਮਣੇ ਆਉਣ ਤੋਂ ਬਾਅਦ ਭਖ਼ਿਆ ਹੈ। ਸਾਹਮਣੇ ਆਏ ਦ੍ਰਿਸ਼ਾਂ ਵਿਚ ਪੀੜਤ ਨੂੰ ਇੱਕ ਮੰਜੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸਦੇ ਸਰੀਰ ਨੂੰ ਵਾਰ-ਵਾਰ ਕੰਪਾਸ ਨਾਲ ਵਿੰਨ੍ਹਿਆ ਗਿਆ ਸੀ।
ਗਾਂਧੀਨਗਰ ਪੁਲਿਸ ਨੂੰ ਪ੍ਰਾਪਤ ਫੁਟੇਜ ਦੇ ਅਨੁਸਾਰ ਪੀੜਤ ਨੂੰ ਅੱਧ ਨੰਗਾ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਭਿਆਨਕ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚ ਮੰਜੇ ਨਾਲ ਬੰਨ੍ਹਣ ਤੋਂ ਬਾਅਦ ਉਸਦੇ ਗੁਪਤ ਅੰਗਾਂ ‘ਤੇ ਡੰਬਲ ਰੱਖਣੇ ਅਤੇ ਉਸਦੇ ਮੂੰਹ ਵਿੱਚ ਚਿਹਰੇ ਉਤੇ ਲਾਉਣਵਾਲੀ ਕਰੀਮ ਪਾਉਣਾ ਸ਼ਾਮਲ ਸੀ।
ਇਹ ਦੁਰਵਿਵਹਾਰ ਮੁੰਡਿਆਂ ਦੇ ਹੋਸਟਲ ਵਿੱਚ ਪਹਿਲੇ ਸਾਲ ਦੇ ਨਰਸਿੰਗ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਤੀਜੇ ਸਾਲ ਦੇ ਪੰਜ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਸੈਮੂਅਲ ਜੌਹਨਸਨ (20), ਰਾਹੁਲ ਰਾਜ (22), ਜੀਵ (18), ਰਿਜਿਲ ਜਿਥ (20) ਅਤੇ ਵਿਵੇਕ (21) ਵਜੋਂ ਹੋਈ ਹੈ।
ਸਰਕਾਰੀ ਮੈਡੀਕਲ ਕਾਲਜ ਅਧੀਨ ਕੰਮ ਕਰਨ ਵਾਲੇ ਨਰਸਿੰਗ ਇੰਸਟੀਚਿਊਟ ਵਿੱਚ ਲਗਭਗ ਤਿੰਨ ਮਹੀਨਿਆਂ ਤੋਂ ਰੈਗਿੰਗ ਜਾਰੀ ਹੋਣ ਦੀ ਸ਼ਿਕਾਇਤ ਤੋਂ ਬਾਅਦ ਰੈਗਿੰਗ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਸ ਪਿੱਛੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ‘ਤੇ ਭਾਰਤੀ ਨਿਆਏ ਸੰਹਿਤਾ (ਬੀਐਨਐਸ), 2023 ਦੀ ਧਾਰਾ 118(1) (ਜਾਣਬੁੱਝ ਕੇ ਖਤਰਨਾਕ ਹਥਿਆਰਾਂ ਜਾਂ ਸਾਧਨਾਂ ਦੀ ਵਰਤੋਂ ਕਰਕੇ ਸੱਟ ਪਹੁੰਚਾਉਣਾ), 308(2) (ਜ਼ਬਰਦਸਤੀ ਲਈ ਸਜ਼ਾ) ਅਤੇ 351(1) (ਅਪਰਾਧਿਕ ਧਮਕੀ) ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।