ਰਾਜਸਥਾਨ ਦੇ ਡੂੰਗਰਪੁਰ ਮੈਡੀਕਲ ਕਾਲਜ ਦੇ ਐੱਮਬੀਬੀਐੱਸ ਪਹਿਲੇ ਸਾਲ ਦੇ ਵਿਦਿਆਰਥੀ ਨਾਲ ਕਥਿਤ ‘ਰੈਗਿੰਗ’ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਪਿਛਲੇ ਮਹੀਨੇ ਐੱਮਬੀਬੀਐੱਸ ਦੂਜੇ ਸਾਲ ਦੇ ਸੱਤ ਵਿਦਿਆਰਥੀਆਂ ਵੱਲੋਂ ਕਥਿਤ ਤੌਰ ’ਤੇ ਰੈਗਿੰਗ ਕੀਤੇ ਜਾਣ ਤੋਂ ਬਾਅਦ ਪੀੜਤ ਨੂੰ ਗੁਰਦੇ ਦੀ ਇਨਫੈਕਸ਼ਨ ਹੋ ਗਈ ਅਤੇ ਉਸ ਨੂੰ ਚਾਰ ਵਾਰ ‘ਡਾਇਲੇਸਿਸ’ ਕਰਵਾਉਣਾ ਪਿਆ। ਡੂੰਗਰਪੁਰ ਸਦਰ ਥਾਣੇ ਦੇ ਐੱਸਐੱਚਓ ਗਿਰਧਾਰੀ ਸਿੰਘ ਨੇ ਅੱਜ ਦੱਸਿਆ ਕਿ ਕਥਿਤ ਰੈਗਿੰਗ ਦੀ ਇਹ ਘਟਨਾ 15 ਮਈ ਨੂੰ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਸੀਨੀਅਰ ਵਿਦਿਆਰਥੀਆਂ ਨੇ ਪੀੜਤ ਨੂੰ ਕਾਲਜ ਨੇੜੇ 300 ਤੋਂ ਵੱਧ ਵਾਰ ਬੈਠਕਾਂ ਕਢਾਈਆਂ, ਜਿਸ ਦਾ ਉਸ ਦੇ ਗੁਰਦੇ ’ਤੇ ਗੰਭੀਰ ਅਸਰ ਪਿਆ ਅਤੇ ਇਨਫੈਕਸ਼ਨ ਹੋ ਗਈ। ਉਨ੍ਹਾਂ ਦੱਸਿਆ ਕਿ ਪੀੜਤ ਇੱਕ ਹਫ਼ਤਾ ਅਹਿਮਦਾਬਾਦ ਹਸਪਤਾਲ ਦਾਖ਼ਲ ਰਿਹਾ। ਇਸ ਦੌਰਾਨ ਉਸ ਦਾ ਚਾਰ ਵਾਰ ਡਾਇਲੇਸਿਸ ਕੀਤਾ ਗਿਆ। ਹੁਣ ਉਸ ਦੀ ਹਾਲਤ ਸਥਿਰ ਹੈ।