ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਨੀਤੀ ਵਿਚ ਕਮੀਆਂ ਨੂੰ ਉਜਾਗਰ ਕਰਨ ਦੇ ਬਾਵਜੂਦ ਉੱਚ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਇਸ ਰੈਸ਼ਨੇਲਾਈਜੇਸ਼ਨ ਨੀਤੀ ਵਿਚ ਜਿੱਥੇ ਕਰੋਨਿਕ ਬਿਮਾਰੀਆਂ ਤੋਂ ਪੀੜਤ ਅਧਿਆਪਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਉਥੇ 40% ਹੈਂਡੀਕੈਪਡ ਅਧਿਆਪਕਾਂ ਨੂੰ ਰਾਹਤ ਦੇਣ ਦੀ ਥਾਂ 60 % ਕਰ ਦਿੱਤਾ ਗਿਆ ਹੈ, ਜੋ ਕਿ ਇਨ੍ਹਾਂ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ। ਪਹਿਲਾਂ ਜਾਰੀ ਰੈਸ਼ਨਲਾਈਜੇਸ਼ਨ ਦੀ ਲਿਸਟਾਂ ਵਿਚ ਸੀਐੱਚਟੀ ਦੀ ਪੋਸਟਾਂ ਨੂੰ ਟੀਚਿੰਗ ਪੋਸਟ ਗਿਣਿਆ ਗਿਆ ਸੀ , ਜਦੋਂ ਕਿ ਤਬਾਦਲਾ ਨੀਤੀ ਵਿਚ ਇਸ ਨੂੰ ਪ੍ਰਬੰਧਕੀ ਪੋਸਟ ਮੰਨਿਆ ਗਿਆ ਸੀ। ਜਥੇਬੰਦੀ ਮੰਗ ਕਰਦੀ ਹੈ ਕਿ ਸੀਐੱਚਟੀ ਦੀ ਪੋਸਟਾਂ ਨੂੰ ਪ੍ਰਬੰਧਕੀ ਮੰਨਿਆ ਜਾਵੇ। ਰੈਸ਼ਨੇਲਾਇਜੇਸਨ ਨੀਤੀ ਦੇ ਨੋਟੀਫਿਕੇਸ਼ਨ ਵਿਚ ਵਿਦਿਆਰਥੀ /ਅਧਿਆਪਕ ਅਨੁਪਾਤ ਕਿਨ੍ਹਾਂ ਹੋਵੇਗਾ ਤੇ ਪੋਸਟਾਂ ਕਿਵੇਂ ਦਿੱਤੀਆਂ ਜਾਣਗੀਆਂ ਆਦਿ ਮਹੱਤਵਪੂਰਣ ਤੱਥ ਗਾਇਬ ਹਨ। ਭਾਵੇਂ ਕਿ ਵਿਭਾਗ ਨੇ ਪੱਤਰ ਜਾਰੀ ਕਰਕੇ ਰੈਸ਼ਨਲਾਈਜੇਸ਼ਨ ਕਰਨ ਲਈ ਵਿਦਿਆਰਥੀਆਂ ਦੀ ਗਿਣਤੀ ਅੱਠ ਦਸਬੰਰ ਦੀ ਕਰ ਦਿੱਤੀ ਹੈ ਪਰ ਅਧਿਆਪਕ /ਵਿਦਿਆਰਥੀਆਂ ਅਨੁਪਾਤ ਬਾਰੇ ਅਜੇ ਤੱਕ ਵਿਭਾਗ ਨੇ ਕੋਈ ਪੱਤਰ ਜਾਰੀ ਨਹੀਂ ਕੀਤਾ। ਇਸੇ ਤਰਾਂ ਇਸ ਨੀਤੀ ਤਹਿਤ ਜਿਨ੍ਹਾਂ ਸਕੂਲਾਂ ਵਿਚ ਆਰ. ਟੀ. ਈ. ਐਕਟ ਤਹਿਤ ਪੋਸਟਾਂ ਪੂਰੀਆਂ ਹਨ ਫਿਰ ਵੀ ਉਥੋਂ ਅਧਿਆਪਕ ਨੂੰ ਸਰਪਲੱਸ ਕੀਤਾ ਗਿਆ ਹੈ,ਜਦਕਿ ਡੈਪੂਟੇਸ਼ਨ ਤੇ ਆਏ ਹੋਏ ਅਧਿਆਪਕ ਕਰਕੇ ਦੂਜੇ ਅਧਿਆਪਕਾਂ ਨੂੰ ਸਰਪਲੱਸ ਕੀਤਾ ਗਿਆ ਹੈ। ਜਿਨ੍ਹਾਂ ਸਕੂਲਾਂ ਵਿਚ ਦਿਵਿਆਂਗ (ਨੇਤਰਹੀਣ) ਮਿਊਜ਼ਿਕ ਅਧਿਆਪਕ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਰੈਸ਼ਨਲਾਈਜੇਸ਼ਨ ਕਰਨ ਲੱਗਿਆਂ ਅਧਿਆਪਕ ਗਿਣਿਆ ਗਿਆ ਹੈ। ਜਿਸ ਕਰਕੇ ਕਈ ਅਧਿਆਪਕ ਸਰਪਲੱਸ ਹੋ ਗਏ ਹਨ। ਲਗਭਗ ਤਿੰਨ – ਚਾਰ ਮਹੀਨੇ ਪਹਿਲਾਂ ਵਿਭਾਗ ਵਲੋਂ ਸਕੂਲਾਂ ਵਿਚ ਨਵੀਂ ਪੋਸਟਾਂ ਬਣਾ ਕੇ ਅਧਿਆਪਕਾਂ ਦੀ ਬਦਲੀਆਂ ਉਥੇ ਕੀਤੀਆਂ ਗਈਆਂ, ਇਨ੍ਹਾਂ ਨਵੇਂ ਮਹਿਮਾਨਾਂ ਕਰਕੇ ਹੁਣ ਪੁਰਾਣੇ ਅਧਿਆਪਕ ਸਰਪਲੱਸ ਹੋ ਗਏ ਹਨ। ਜਥੇਬੰਦੀ ਇਨ੍ਹਾਂ ਸਭ ਤਰੁੱਟੀਆਂ ਨੂੰ ਤੁਰੰਤ ਦੂਰ ਕਰਨ ਦੀ ਮੰਗ ਕਰਦੀ ਹੈ।